ਵਿਰਾਟ ਕੋਹਲੀ ਬਣਿਆ ਅੱਵਲ ਨੰਬਰ ਬੱਲੇਬਾਜ਼

ਦੁਬਈ – ਆਸਟਰੇਲੀਆ ਦੇ ਸਟੀਵ ਸਮਿੱਥ ਨੂੰ ਪਛਾੜ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੁਨੀਆ ਦਾ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣ ਗਿਆ ਹੈ। ਬਰਮਿੰਘਮ ਵਿੱਚ ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਦੌਰਾਨ ਕੀਤੇ ਜ਼ਬਰਦਸਤ ਪ੍ਰਦਰਸ਼ਨ ਦਾ ਫ਼ਾਇਦਾ ਕੋਹਲੀ ਨੂੰ ਆਈਸੀਸੀ ਟੈਸਟ ਰੈਂਕਿੰਗਜ਼ ਵਿੱਚ ਮਿਲਿਆ ਹੈ। ਇਸ ਦੇ ਨਾਲ ਹੀ ਉਸ ਨੇ ਆਲ ਟਾਈਮ ਰੈਂਕਿੰਗਜ਼ ਵਿੱਚ ਹਮਵਤਨ ਸੁਨੀਲ ਗਾਵਸਕਰ ਨੂੰ ਵੀ ਪਛਾੜ ਦਿੱਤਾ। ਵਿਰਾਟ ਨੇ ਇਸ ਟੈਸਟ ਵਿੱਚ 149 ਅਤੇ 51 ਦੌੜਾਂ ਬਣਾਈਆਂ, ਜਿਸ ਕਾਰਨ ਉਸ ਨੂੰ 31 ਅੰਕ ਮਿਲੇ। ਉਹ 934 ਅੰਕਾਂ ਨਾਲ ਟੈਸਟ ਰੈਂਕਿੰਗਜ਼ ਵਿੱਚ ਚੋਟੀ ’ਤੇ ਪਹੁੰਚ ਗਿਆ। ਹਾਲਾਂਕਿ ਵਿਰਾਟ ਨੂੰ ਇਸ ਗੱਲ ਦਾ ਥੋੜ੍ਹਾ ਅਫ਼ਸੋਸ ਜ਼ਰੂਰ ਰਹੇਗਾ ਕਿ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਭਾਰਤ ਇਹ ਟੈਸਟ 31 ਦੌੜਾਂ ਨਾਲ ਹਾਰ ਗਿਆ। ਭਾਰਤੀ ਕਪਤਾਨ ਦੇ ਲੜੀ ਸ਼ੁਰੂ ਹੋਣ ਤੋਂ ਪਹਿਲਾਂ 903 ਅੰਕ ਸਨ ਅਤੇ ਉਹ ਚੋਟੀ ’ਤੇ ਮੌਜੂਦ ਸਮਿੱਥ (929) ਤੋਂ 26 ਅੰਕ ਪਿੱਛੇ ਸੀ। ਵਿਰਾਟ ਦੇ ਦੋਵਾਂ ਪਾਰੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ (ਕੁੱਲ 200 ਦੌੜਾਂ) ਨੇ ਸਮਿੱਥ ਨੂੰ ਦੂਜੇ ਸਥਾਨ ’ਤੇ ਖਿਸਕਾ ਦਿੱਤਾ। ਸਮਿੱਥ ਇਸ ਸਮੇਂ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਇੱਕ ਸਾਲ ਦੀ ਪਾਬੰਦੀ ਝੱਲ ਰਿਹਾ ਹੈ। ਵਿਰਾਟ ਨੇ ਟੈਸਟ ਰੈਂਕਿੰਗ ਵਿੱਚ ਪਹੁੰਚਣ ਦੇ ਨਾਲ ਹੀ ਇੱਕ ਹੋਰ ਉਪਲਬਧੀ ਵੀ ਹਾਸਲ ਕਰ ਲਈ ਹੈ। ਉਸ ਨੇ ਆਲਟਾਈਮ ਟੈਸਟ ਰੈਂਕਿੰਗਜ਼ ਵਿੱਚ ਸਾਬਕਾ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ। ਗਾਵਸਕਰ ਦੇ 916 ਰੇਟਿੰਗ ਅੰਕ ਹਨ। ਵਿਰਾਟ ਆਲਟਾਈਮ ਰੇਟਿੰਗ ਵਿੱਚ ਹੁਣ 14ਵੇਂ ਸਥਾਨ ’ਤੇ ਆ ਗਿਆ ਹੈ। ਇਸ ਕ੍ਰਮ ਵਿੱਚ ਆਸਟਰੇਲੀਆ ਦਾ ਸਰ ਡਾਨ ਬਰੈਡਮੈਨ 961 ਅੰਕਾਂ ਨਾਲ ਚੋਟੀ ’ਤੇ ਹੈ। ਸਮਿੱਥ ਦੂਜੇ ਸਥਾਨ ’ਤੇ ਆ ਗਿਆ ਹੈ, ਜਦੋਂਕਿ ਇੰਗਲੈਂਡ ਦੇ ਜੋਅ ਰੂਟ ਦਾ ਤੀਜਾ ਸਥਾਨ ਕਾਇਮ ਹੈ।

VIA PUNJAB