ਸੈਂਕੜੇ ਤੋਂ ਖੁੰਝਿਆ ਵਿਰਾਟ, ਪਹਿਲੇ ਦਿਨ ਭਾਰਤ ਦਾ ਸਕੋਰ 300 ਤੋਂ ਪਾਰ

ਨਾਟਿੰਘਮ – ਭਾਰਤੀ ਟੀਮ ਇਕ ਵਾਰ ਫਿਰ ਆਪਣੀ ਕਿਸਮਤ ਬਦਲਣ ਲਈ ਤਿਆਰ ਨਹੀਂ ਹੈ ਤੇ ਉਸ ਨੇ ਇੰਗਲੈਂਡ ਵਿਰੁੱਧ ਤੀਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਸ਼ਨੀਵਾਰ ਨੂੰ 60 ਦੌੜਾਂ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਲੰਚ ਤਕ ਆਪਣੀਆਂ 3 ਵਿਕਟਾਂ 82 ਦੌੜਾਂ ‘ਤੇ ਗੁਆ ਦਿੱਤੀਆਂ। ਮੁਰਲੀ ਵਿਜੇ ਦੀ ਜਗ੍ਹਾ ਆਖਰੀ-11 ਵਿਚ ਸ਼ਾਮਲ ਕੀਤੇ ਗਏ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਤੇ ਲੋਕੇਸ਼ ਰਾਹੁਲ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ ਤੇ ਦੋਵਾਂ ਨੇ ਪਹਿਲੀ ਵਿਕਟ ਲਈ 18.4 ਓਵਰਾਂ ਵਿਚ 60 ਦੌੜਾਂ ਜੋੜੀਆਂ ਪਰ ਇਸ ਤੋਂ ਬਾਅਦ ਕ੍ਰਿਸ ਵੋਕਸ ਨੇ 22 ਦੌੜਾਂ ਦੇ ਫਰਕ ‘ਤੇ ਭਾਰਤ ਦੀਆਂ 3 ਵਿਕਟਾਂ ਹਾਸਲ ਕਰ ਲਈਆਂ। ਵੋਕਸ ਨੇ ਸ਼ਿਖਰ ਨੂੰ ਜੋਸ ਬਟਲਰ ਹੱਥੋਂ ਕੈਚ ਕਰਵਾਇਆ, ਰਾਹੁਲ ਨੂੰ ਐੱਲ. ਬੀ. ਡਬਲਯੂ. ਕੀਤਾ ਤੇ ਚੇਤੇਸ਼ਵਰ ਪੁਜਾਰਾ ਨੂੰ ਆਦਿਲ ਰਾਸ਼ਿਦ ਦੇ ਹੱਥੋਂ ਕੈਚ ਕਰਵਾਇਆ। ਇਨ੍ਹਾਂ ਤਿੰਨਾਂ ਵਿਕਟਾਂ ਦੇ ਨਾਲ ਹੀ ਭਾਰਤ ਨੇ ਚੰਗੀ ਸ਼ੁਰੂਆਤ ਦਾ ਫਾਇਦਾ ਗੁਆ ਦਿੱਤਾ। ਸ਼ਿਖਰ ਨੇ 65 ਗੇਂਦਾਂ ‘ਤੇ 7 ਚੌਕਿਆਂ ਦੀ ਮਦਦ ਨਾਲ 35 ਦੌੜਾਂ ਬਣਾਈਆਂ। ਸ਼ਿਖਰ ਪਹਿਲੇ ਟੈਸਟ ਤੋਂ ਬਾਅਦ ਦੂਜੇ ਟੈਸਟ ‘ਚੋਂ ਬਾਹਰ ਹੋ ਗਿਆ ਸੀ। ਰਾਹੁਲ ਨੇ 53 ਗੇਂਦਾਂ ਵਿਚ ਚਾਰ ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ। ਪੁਜਾਰਾ ਲਗਾਤਾਰ ਤੀਜੀ ਪਾਰੀ ਵਿਚ ਅਸਫਲ ਰਿਹਾ ਤੇ 31 ਗੇਂਦਾਂ ‘ਤੇ ਦੋ ਚੌਕਿਆਂ ਦੇ ਸਹਾਰੇ 14 ਦੌੜਾਂ ਬਣਾ ਕੇ ਚਲਦਾ ਬਣਿਆ। ਲੰਚ ਦੇ ਸਮੇਂ ਕਪਤਾਨ ਵਿਰਾਟ ਕੋਹਲੀ 6 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸੀ। ਇਸ ਤੋਂ ਪਹਿਲਾਂ ਵਿਰਾਟ ਨੇ ਟੀਮ ਵਿਚ ਤਿੰਨ ਬਦਲਾਅ ਕੀਤੇ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਜਗ੍ਹਾ ਮੌਕਾ ਦਿੱਤਾ ਗਿਆ।

VIA PUNJAB