ਜੋੜੀਦਾਰ ਨਾ ਮਿਲਣ ਤੋਂ ਨਾਰਾਜ਼ ਲਿਏਂਡਰ ਪੇਸ ਟੂਰਨਾਮੈਂਟ ਤੋਂ ਹਟੇ

ਨਵੀਂ ਦਿੱਲੀ – ਭਾਰਤ ਦੇ ਅਨੁਭਵੀ ਟੈਨਿਸ ਖਿਡਾਰੀ ਲਿਏਂਡਰ ਪੇਸ ਡਬਲਜ਼ ‘ਚ ‘ਮਾਹਰ’ ਜੋੜੀਦਾਰ ਨਾ ਮਿਲਣ ਕਾਰਨ ਏਸ਼ੀਆਈ ਖੇਡਾਂ ਤੋਂ ਹਟ ਗਏ ਹਨ। ਪੇਸ ਨੂੰ ਜੂਝ ਰਹੇ ਸਿੰਗਲ ਖਿਡਾਰੀ ਸੁਮਿਤ ਨਾਗਲ ਦੇ ਨਾਲ ਜੋੜੀ ਬਣਾਉਣ ਨੂੰ ਕਿਹਾ ਗਿਆ ਸੀ, ਕਿਉਂਕਿ ਸਰਬ ਭਾਰਤ ਟੈਨਿਸ ਸੰਘ (ਏ.ਆਈ.ਟੀ.ਏ.) ਦੇਸ਼ ਦੇ ਚੋਟੀ ਦੇ ਡਬਲਜ਼ ਖਿਡਾਰੀਆਂ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਦੀ ਬੇਨਤੀ ‘ਤੇ ਜੋੜੀ ਬਣਾਉਣ ਨੂੰ ਸਹਿਮਤ ਹੋ ਗਿਆ ਸੀ। ਪੇਸ ਪਹਿਲਾਂ ਹੀ ਟਾਪ ਯੋਜਨਾ ਤੋਂ ਬਾਹਰ ਕੀਤੇ ਜਾਣ ਤੋਂ ਨਾਰਾਜ਼ ਸਨ। ਪਰ ਇਸ 45 ਸਾਲਾ ਖਿਡਾਰੀ ਨੇ ਖੁਦ ਨੂੰ ਖੇਡਾਂ ਦੇ ਲਈ ਉਪਲਬਧ ਰਖਿਆ ਸੀ, ਜਿੱਥੇ ਉਨ੍ਹਾਂ ਪੰਜ ਗੋਲਡ ਸਮੇਤ 8 ਤਮਗੇ ਜਿੱਤੇ। ਪੇਸ ਨੇ ਕਿਹਾ ਬਹੁਤ ਹੀ ਨਿਰਾਸ਼ਾ ਦੇ ਨਾਲ ਇਹ ਕਹਿ ਰਿਹਾ ਹਾਂ ਕਿ ਮੈਂ ਇੰਡੋਨੇਸ਼ੀਆ ‘ਚ ਆਗਾਮੀ ਏਸ਼ੀਆਈ ਖੇਡਾਂ ‘ਚ ਨਹੀਂ ਖੇਡਾਂਗਾ। ਉਨ੍ਹਾਂ ਕਿਹਾ ਇੰਨੇ ਹਫਤਿਆਂ ਪਹਿਲੇ ਤੋਂ ਲਗਾਤਾਰ ਬੇਨਤੀ ਕਰਨ ਦੇ ਬਾਵਜੂਦ ਇਹ ਦੁਖ ਦੀ ਗੱਲ ਹੈ ਕਿ ਅਸੀਂ ਏਸ਼ੀਆਈ ਖੇਡਾਂ ‘ਚ ਦੂਜੀ ਮਜ਼ਬੂਤ ਡਬਲਜ਼ ਜੋੜੀ ਦੇ ਲਈ ਡਬਲਜ਼ ਮਾਹਰ ਨੂੰ ਟੀਮ ‘ਚ ਸ਼ਾਮਲ ਨਹੀਂ ਕੀਤਾ ਹੈ। ਦਿਵਿਜ ਅਤੇ ਬੋਪੰਨਾ ਦੇ ਨਾਲ ਖੇਡਣ ਦਾ ਫੈਸਲਾ ਕਰਨ ਦੇ ਬਾਅਦ ਕਪਤਾਨ ਜੀਸ਼ਾਨ ਅਲੀ ਦੇ ਕੋਲ ਪੇਸ ਦੀ ਜੋੜੀ ਨਾਗਲ ਜਾਂ ਰਾਜਕੁਮਾਰ ਦੇ ਨਾਲ ਬਣਾਉਣ ਦੇ ਇਲਾਵਾ ਕੋਈ ਬਦਲ ਨਹੀਂ ਸੀ।

VIA PUNJAB