ਹਾਕੀ: ਭਾਰਤ ਨੇ ਨਿਊਜ਼ੀਲੈਂਡ ਤੋਂ ਮੈਚਾਂ ਦੀ ਲੜੀ 3-0 ਨਾਲ ਜਿੱਤੀ

ਬੰਗਲੌਰ, ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਨਿਊਜ਼ੀਲੈਂਡ ਨੂੰ ਅੱਜ 4-0 ਗੋਲਾਂ ਨਾਲ ਹਰਾ ਕੇ ਤਿੰਨ ਟੈਸਟ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ। ਭਾਰਤ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 4-2 ਗੋਲਾਂ ਨਾਲ ਅਤੇ ਦੂਜੇ ਮੈਚ ਵਿੱਚ 3-1 ਗੋਲਾਂ ਨਾਲ ਹਰਾਇਆ ਸੀ। ਭਾਰਤ ਦੀ ਜਿੱਤ ਵਿੱਚ ਰੁਪਿੰਦਰਪਾਲ ਸਿੰਘ (ਅੱਠਵੇਂ ਮਿੰਟ), ਸੁਰਿੰਦਰ ਕੁਮਾਰ (15ਵੇਂ ਮਿੰਟ), ਮਨਦੀਪ ਸਿੰਘ (44ਵੇਂ ਮਿੰਟ) ਅਤੇ ਆਕਾਸ਼ਦੀਪ ਸਿੰਘ (60ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਇਸ ਤਰ੍ਹਾਂ ਵਿਸ਼ਵ ਦੀ ਨੌਵੇਂ ਨੰਬਰ ਦੀ ਟੀਮ ਨਿਊਜ਼ੀਲੈਂਡ ਨੂੰ ਤਿੰਨ ਮੈਚਾਂ ਵਿੱਚ ਹਰਾ ਕੇ ਅਗਲੇ ਮਹੀਨੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਆਪਣੀਆਂ ਮਜ਼ਬੂਤ ਤਿਆਰੀਆਂ ਦੇ ਸੰਕੇਤ ਦਿੱਤੇ ਹਨ। ਰੁਪਿੰਦਰ ਨੇ ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ ਲੀਡ ਦਿਵਾਈ। ਟੂਰਨਾਮੈਂਟ ਵਿੱਚ ਇਹ ਉਸ ਦਾ ਚੌਥਾ ਗੋਲ ਸੀ। ਰੁਪਿੰਦਰ ਨੇ ਇਸ ਤੋਂ ਬਾਅਦ ਸੁਰਿੰਦਰ ਲਈ ਮੌਕਾ ਬਣਾਇਆ, ਜਿਸ ’ਤੇ ਉਸ ਨੇ ਗੋਲ ਕਰ ਦਿੱਤਾ। ਮਿਡਫੀਲਡਰ ਵਿੱਚ ਅਨੁਭਵੀ ਸਰਦਾਰ ਸਿੰਘ ਅਤੇ ਸਿਮਰਜੀਤ ਸਿੰਘ ਨੇ ਇਸ ਤੋਂ ਬਾਅਦ ਖੱਬੇ ਪਾਸਿਓਂ ਮਨਦੀਪ ਸਿੰਘ ਲਈ ਮੌਕਾ ਬਣਾਇਆ, ਜਿਸ ’ਤੇ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਗੋਲਕੀਪਰ ਜੌਰਜ ਇਨਰਸੈਨ ਨੂੰ ਚਕਮਾ ਦਿੰਦਿਆਂ ਗੋਲ ਕਰਕੇ ਟੀਮ ਦੀ ਲੀਡ ਨੂੰ 3-0 ਗੋਲ ਕਰ ਦਿੱਤਾ। ਸਟਰਾਈਕਰ ਆਕਾਸ਼ਦੀਪ ਸਿੰਘ ਨੇ ਆਖ਼ਰੀ ਹੂਟਰ ਵੱਜਣ ਤੋਂ ਠੀਕ ਪਹਿਲਾਂ ਇੱਕ ਹੋਰ ਗੋਲ ਕਰਕੇ ਨਿਊਜ਼ੀਲੈਂਡ ਦੇ ਜਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ। ਭਾਰਤੀ ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਨੇ ਇੰਡੋਨੇਸ਼ੀਆ ਵਿੱਚ 18 ਅਗਸਤ ਤੋਂ ਦੋ ਸਤੰਬਰ ਤੱਕ ਹੋਣ ਵਾਲੀਆਂ ਏਸ਼ਿਆਈ ਖੇਡਾਂ ਤੋਂ ਪਹਿਲਾਂ ਟੀਮ ਦੇ ਪ੍ਰਦਰਸ਼ਨ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ, ‘‘ਦੁਨੀਆਂ ਦੀਆਂ ਚੋਟੀ ਦੀਆਂ 10 ਟੀਮਾਂ ਵਿੱਚ ਸ਼ੁਮਾਰ ਨਿਊਜ਼ੀਲੈਂਡ ਤੋਂ ਇਹ ਲੜੀ ਜਿੱਤਣ ਨਾਲ ਏਸ਼ਿਆਈ ਖੇਡਾਂ ਲਈ ਸਾਡੀਆਂ ਤਿਆਰੀਆਂ ਨੂੰ ਮਜ਼ਬੂਤੀ ਮਿਲੇਗੀ। ਇਨ੍ਹਾਂ ਤਿੰਨਾਂ ਮੈਚਾਂ ਦੌਰਾਨ ਅਸੀਂ ਵੱਖ-ਵੱਖ ਢੰਗ ਅਪਣਾਏ ਅਤੇ ਪੈਨਲਟੀ ਕਾਰਨਰ ’ਤੇ ਵੀ ਵੱਖ-ਵੱਖ ਖਿਡਾਰੀਆਂ ਨੂੰ ਪਰਖਿਆ। ਅਸੀਂ ਹੁਣ ਅਗਲੇ ਟੂਰਨਾਮੈਂਟ ਲਈ ਪੂਰੀ ਤਰ੍ਹਾਂ ਤਿਆਰ ਹਾਂ।’’ ਕੋਚ ਨੇ ਨਾਲ ਹੀ ਕਿਹਾ, ‘‘ਅਸੀਂ ਮੈਦਾਨੀ ਗੋਲ ਕਰਨ ਵਿੱਚ ਅਜੇ ਹੋਰ ਸੁਧਾਰ ਕਰ ਸਕਦੇ ਹਾਂ। ਅਸੀਂ ਅੱਜ ਕੁੱਝ ਆਸਾਨ ਮੌਕੇ ਗੁਆਏ ਅਤੇ ਏਸ਼ਿਆਈ ਖੇਡਾਂ ਤੋਂ ਪਹਿਲਾਂ ਅਸੀਂ ਇਸ ਪਹਿਲੂ ’ਤੇ ਕੰਮ ਕਰਾਂਗੇ।’’

VIA PUNJAB