ਹਾਫ਼ਿਜ਼ ਸਈਦ ਖ਼ਿਲਾਫ਼ ਲਾਹੌਰ ’ਚ ਕੇਸ ਦੀ ਸੁਣਵਾਈ ਸ਼ੁਰੂ

ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਖ਼ਿਲਾਫ਼ ਅੱਜ ਇਕ ਗਵਾਹ ਵੱਲੋਂ ਅਤਿਵਾਦ ਵਿਰੋਧੀ ਅਦਾਲਤ (ਏਟੀਸੀ) ’ਚ ਗਵਾਹੀ ਦਿੱਤੇ ਜਾਣ ਨਾਲ ਉਸ ਖ਼ਿਲਾਫ਼ ਸੁਣਵਾਈ ਸ਼ੁਰੂ ਹੋ ਗਈ ਹੈ। ਇਸੇ ਅਦਾਲਤ ਨੇ ਉਸ ਨੂੰ ਦਹਿਸ਼ਤਗਰਦਾਂ ਨੂੰ ਮਾਲੀ ਸਹਾਇਤਾ ਦੇਣ ਦਾ ਦੋਸ਼ੀ ਕਰਾਰ ਦਿੱਤਾ ਹੈ। ਕੌਮਾਂਤਰੀ ਦਬਾਅ ਹੇਠ ਪਾਕਿਸਤਾਨ ਨੂੰ ਸਈਦ ਕਟਹਿਰੇ ’ਚ ਲਿਆਉਣਾ ਪਿਆ ਹੈ। ਸੁਣਵਾਈ ਮਗਰੋਂ ਅਦਾਲਤ ਦੇ ਇਕ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪੰਜਾਬ ਪੁਲੀਸ ਦੇ ਅਤਿਵਾਦ ਵਿਰੋਧੀ ਵਿਭਾਗ ਨੇ ਏਟੀਸੀ ਲਾਹੌਰ ’ਚ ਗਵਾਹ ਪੇਸ਼ ਕੀਤਾ ਜਿਸ ਨੇ ਸਈਦ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਗਵਾਹੀ ਦਿੱਤੀ। ਸਈਦ ਅਤੇ ਉਸ ਦੇ ਸਾਥੀਆਂ ਨੂੰ ਭਾਰੀ ਸੁਰੱਖਿਆ ਹੇਠ ਅਦਾਲਤ ’ਚ ਲਿਆਂਦਾ ਗਿਆ ਸੀ ਜਦਕਿ ਪੱਤਰਕਾਰਾਂ ਨੂੰ ਅਦਾਲਤ ’ਚ ਕੇਸ ਦੀ ਕਾਰਵਾਈ ਕਵਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਏਟੀਸੀ ਜੱਜ ਅਰਸ਼ਦ ਹੁਸੈਨ ਭੁੱਟਾ ਨੇ ਕੇਸ ’ਚ ਗਵਾਹਾਂ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਵੱਲੋਂ ਹੁਣ ਸ਼ਨਿਚਰਵਾਰ ਨੂੰ ਅੱਗੇ ਸੁਣਵਾਈ ਕੀਤੀ ਜਾਵੇਗੀ। ਕੇਸ ਦੀ ਸੁਣਵਾਈ ਰੋਜ਼ਾਨਾ ਹੋ ਰਹੀ ਹੈ ਪਰ ਮੁਲਕ ’ਚ ਵਕੀਲਾਂ ਦੀ ਹੜਤਾਲ ਕਾਰਨ ਇਸ ’ਚ ਅੜਿੱਕਾ ਪੈ ਗਿਆ ਸੀ।

VIA PUNJAB