ਹਿਮਾਚਲ ਨੇ ਪੰਜਾਬ ਨੂੰ ਪਾਰੀ ਨਾਲ ਹਰਾਇਆ

ਚੰਡੀਗੜ੍ਹ – ਹਿਮਾਚਲ ਪ੍ਰਦੇਸ਼ ਨੇ ਰਣਜੀ ਟਰਾਫੀ ਇਲੀਟ ਗਰੁੱਪ ਬੀ ਦੇ ਮੈਚ ਵਿਚ ਐਤਵਾਰ ਨੂੰ ਚੌਥੇ ਦਿਨ ਪੰਜਾਬ ਨੂੰ ਪਾਰੀ ਅਤੇ 107 ਦੌੜਾਂ ਨਾਲ ਹਰਾ ਕੇ ਸੱਤ ਅੰਕ ਹਾਸਲ ਕਰ ਲਏ ਹਨ। ਪਹਿਲੀ ਪਾਰੀ ਵਿਚ ਸਿਰਫ 84 ਦੌੜਾਂ ਉੱਤੇ ਸਿਮਟਣ ਵਾਲੀ ਪੰਜਾਬ ਦੀ ਟੀਮ ਨੂੰ ਫਾਲੋਆਨ ਮਿਲਿਆ। ਉਸ ਨੇ ਚੌਥੇ ਅਤੇ ਅੰਤਿਮ ਦਿਨ ਆਪਣੀ ਦੂਜੀ ਪਾਰੀ ਅੱਠ ਵਿਕਟਾਂ ਤੇ 195 ਦੌੜਾਂ ਨਾਲ ਅੱਗੇ ਵਧਾਈ। ਹਿਮਾਚਲ ਨੇ ਮਹਿਜ਼ ਚਾਰ ਦੌੜਾਂ ਦੇ ਅੰਦਰ ਬਾਕੀ ਬਚੇ ਦੋ ਵਿਕਟਾਂ ਨੂੰ ਝਟਕ ਕੇ ਜਿੱਤ ਹਾਸਲ ਕਰ ਲਈ। ਗੁਰਵਿੰਦਰ ਸਿੰਘ ਨੇ ਦੂਜੀ ਪਾਰੀ ਵਿਚ ਚਾਰ ਵਿਕਟਾਂ ਲਈਆਂ ਜਦੋਂ ਕਿ ਅਰਪਿਤ ਗੁਲੇਰੀਆ ਅਤੇ ਮਿਅੰਕ ਡਾਗਰ ਨੂੰ ਦੋ ਦੋ ਵਿਕਟਾਂ ਮਿਲੀਆਂ। ਹਿਮਾਚਲ ਨੇ ਪਹਿਲੀ ਪਾਰੀ ਵਿਚ 390 ਦੌੜਾਂ ਬਣਾਉਣ ਤੋਂ ਬਾਅਦ ਪੰਜਾਬ ਦੀ ਪਾਰੀ ਨੂੰ 84 ਦੌੜਾਂ ਉੱਤੇ ਸਮੇਟ ਕੇ ਫਾਲੋਆਨ ਦਿੱਤਾ ਸੀ। ਪੰਜਾਬ ਦੀ ਦੂਜੀ ਪਾਰੀ ਵੀ 199 ਦੌੜਾਂ ਉੱਤੇ ਸਿਮਟ ਗਈ। ਪੰਜਾਬ ਦਾ ਯੁਵਰਾਜ ਸਿੰਘ ਦੋਨਾਂ ਪਾਰੀਆਂ ਵਿਚ ਫਲਾਪ ਰਿਹਾ। ਪਹਿਲੀ ਪਾਰੀ ਵਿਚ ਚਾਰ ਦੌੜਾਂ ਬਣਾਉਣ ਵਾਲਾ ਯੁਵਰਾਜ ਸਿੰਘ ਦੂਜੀ ਪਾਰੀ ਵਿਚ 9 ਦੌੜਾਂ ਬਣਾ ਕੇ ਬੋਲਡ ਹੋ ਗਿਆ।

 

VIA PUNJAB