2020 ਰਾਸ਼ਟਰਪਤੀ ਚੋਣਾਂ ਚ ਟਰੰਪ ਨੂੰ ਟੱਕਰ ਦੇਵੇਗੀ ਕਮਲਾ ਹੈਰਿਸ

ਵਾਸ਼ਿੰਗਟਨ – ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਸਾਲ 2020 ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਦਾ ਸੋਮਵਾਰ ਨੂੰ ਅਧਿਕਾਰਿਕ ਰੂਪ ‘ਚ ਐਲਾਨ ਕਰ ਦਿੱਤਾ। ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਦਿਨ ਆਪਣੀ ਦਾਅਵੇਦਾਰੀ ਪੇਸ਼ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ ਜਦੋਂ ਅਮਰੀਕੀ ਲੋਕ ਮਾਰਟਿਨ ਲੂਥਰ ਕਿੰਗ ਨੂੰ ਯਾਦ ਕਰ ਰਹੇ ਹਨ, ਜਿਨ੍ਹਾਂ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਣਾ ਲਈ। ਪਾਰਟੀ ਦੀ ਇਕ ਉਭਰਦੀ ਸ਼ਖਸੀਅਤ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁੱਖ ਨਿੰਦਕ 54 ਸਾਲਾ ਹੈਰਿਸ ਸਾਲ 2020 ਦੀਆਂ ਚੋਣਾਂ ‘ਚ ਪਾਰਟੀ ਵਲੋਂ ਚੋਣ ਮੈਦਾਨ ‘ਚ ਆਉਣ ਦਾ ਐਲਾਨ ਕਰਨ ਵਾਲੀ ਚੌਥੀ ਡੈਮੋਕ੍ਰੇਟਿਕ ਬਣ ਗਈ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਨ ਦੇ ਨਾਲ ਹੀ ਟਵੀਟ ਕੀਤਾ ਕਿ ਮੈਂ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਾਂਗੀ। ਉਨ੍ਹਾਂ ਦੇ ਪ੍ਰਚਾਰ ਮੁਹਿੰਮ ਦਾ ਮੂਲ ਮੰਤਰ ਹੈ, ਕਮਲਾ ਹੈਰਿਸ ਫਾਰ ਦ ਪੀਪਲਸ। ਜੇਕਰ ਕਮਲਾ ਹੈਰਿਸ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਜਾਂਦੀ ਹੈ ਤਾਂ ਨਾ ਸਿਰਫ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਜਾਵੇਗੀ ਬਲਕਿ ਇਹ ਪਹਿਲੀ ਅਸ਼ਵੇਤ ਮਹਿਲਾ ਰਾਸ਼ਟਰਪਤੀ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦੀ ਹਾਂ। ਇਹ ਉਹ ਵੇਲਾ ਹੈ, ਜਦੋਂ ਮੈਨੂੰ ਖੜ੍ਹਾ ਹੋਣ ਤੇ ਆਪਣੇ ਬਿਹਤਰੀਨ ਸੰਘਰਸ਼ ਕਰਨ ਦੀ ਆਪਣੀ ਜ਼ਿੰਮੇਦਾਰੀ ਦਾ ਅਹਿਸਾਸ ਹੋਇਆ ਹੈ। ਉਨ੍ਹਾਂ ਇਕ ਪੱਤਰਕਾਰ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਮਾਰਟਿਨ ਲੂਥਰ ਕਿੰਗ ਜੂਨੀਅਰ ਡੇ ‘ਤੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਦੇ ਮਹੱਤਵ ਦੀ ਵਿਆਖਿਆ ਕਰਦੇ ਹੋਏ ਹੈਰਿਸ ਨੇ ਕਿਹਾ ਕਿ ਅਮਰੀਕਾ ਮਨੁੱਖੀ ਅਧਿਕਾਰ ਅੰਦੋਲਨ ਦੇ ਪ੍ਰਤੀਕ, ਜਿਨ੍ਹਾਂ ਨੇ ਮਹਾਤਮਾ ਗਾਂਧੀ ਤੋਂ ਪ੍ਰੇਰਣਾ ਲਈ। ਉਨ੍ਹਾਂ ਨੇ ਹਮੇਸ਼ਾ ਮੈਨੂੰ ਵੀ ਪ੍ਰੇਰਿਤ ਕੀਤਾ ਹੈ। ਭਾਰਤੀ ਮੂਲ ਦੀ ਸੈਨੇਟਰ ਦੀ ਮਾਂ ਤਾਮਿਲਨਾਡੂ ‘ਚ ਜਨਮੀ ਸੀ ਤੇ ਉਨ੍ਹਾਂ ਦੇ ਪਿਤਾ ਜੈਮੇਕਾ ਦੇ ਅਫਰੀਕੀ-ਅਮਰੀਕੀ ਹਨ। ਦੋਵੇਂ ਅਮਰੀਕਾ ਪੜਨ ਲਈ ਆਏ ਸਨ ਤੇ ਉਸ ਤੋਂ ਬਾਅਦ ਇਥੇ ਵੀ ਵੱਸ ਗਏ। ਉਨ੍ਹਾਂ ਦੇ ਮਾਤਾ ਪਿਤਾ ਦਾ ਬਾਅਦ ‘ਚ ਤਲਾਕ ਹੋ ਗਿਆ ਸੀ। ਉਨ੍ਹਾਂ ਦੀ ਭੈਣ ਮਾਇਆ ਹੈਰਿਸ ਸਾਲ 2016 ‘ਚ ਹਿਲੇਰੀ ਕਲਿੰਟਨ ਦੀ ਪ੍ਰਚਾਰ ਮੁਹਿੰਮ ਦਾ ਹਿੱਸਾ ਸੀ।

VIA PUNJAB