24.65 ਕਰੋੜ ਦੀ ਲਾਗਤ ਨਾਲ ਸਰਕਾਰੀ ਮੱਛੀ ਪੂੰਗ ਫਾਰਮਾਂ ਦਾ ਕੀਤਾ ਗਿਆ ਨਵੀਨੀਕਰਨ: ਬਲਬੀਰ ਸਿੰਘ ਸਿੱਧੂ

ਪਾਣੀ ਦੀ ਕੁਆਲਿਟੀ ਬਰਕਰਾਰ ਰੱਖਣ ਅਤੇ ਬਿਮਾਰੀ ਦੀ ਤੁਰੰਤ ਪਹਿਚਾਣ ਕਰਨ ਲਈ ਰਾਜ ਵਿਚ ਪੰਜ ਲਬਾਟਰੀਆਂ ਸਥਾਪਿਤ ਹੋਣਗੀਆਂ
ਚੰਡੀਗੜ – ਮੱਛੀ ਪਾਲਣ ਦੇ ਧੰਦੇ ਨਾਲ ਜੁੜੇ ਕਿਸਾਨਾਂ ਵਲੋਂ ਪੂੰਗ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵਲੋਂ 24.65 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਪੂੰਗ ਫਾਰਮਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਫਸਲੀ ਵਿਭਿੰਨਤਾ ਅਧੀਨ ਕਿਸਾਨਾਂ ਨੂੰ ਉਤਸਾਹਿਤ ਕਰਕੇ ਮੱਛੀ-ਪਾਲਣ ਦੇ ਲਾਹੇਵੰਦ ਧੰਦੇ ਨਾਲ ਜੋੜਨਾ ਹੈ।ਜਿਸ ਲਈ ਸੂਬਾ ਸਰਕਾਰ ਵਲੋਂ ਮੱਛੀ ਪਾਲਣ ਦੇ ਬੁਨਿਆਦੀ ਢਾਚੇਂ ਨੂੰ ਮਜਬੂਤ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਸਾਲ 2017-18 ਦੌਰਾਨ 3449.23 ਏਕੜ ਨਵਾਂ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਗਿਆ ਅਤੇ 35882.49 ਏਕੜ ਪੁਰਾਣਾ ਰਕਬਾ ਮੱਛੀ ਪਾਲਣ ਅਧੀਨ ਬਰਕਰਾਰ ਰੱਖਿਆ ਗਿਆ ਹੈ।ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਮੱਛੀ ਪਾਲਣ ਦੇ ਵਿਭਾਗ ਦੇ ਅਗਾਂਹਵਧੂ ਯਤਨਾਂ ਸਦਕਾ ਹੀ ਸੂਬੇ ਵਿਚ ਵਿੱਚ ਸਾਲ 2017-18 ਦੌਰਾਨ 137309 ਟਨ ਮੱਛੀ ਦਾ ਉਤਪਾਦਨ ਕੀਤਾ ਗਿਆ ਹੈ। ਜਿਸ ਨਾਲ ਪੰਜਾਬ ਮੱਛੀ ਪਾਲਣ ਵਿਚ ਮੋਹਰੀ ਸੂਬਾ ਬਣਕੇ ਸਾਹਮਣੇ ਆਇਆ ਹੈ।ਸ੍ਰੀ ਸਿੱਧੂ ਨੇ ਅੱਗੇ ਦੱਸਿਆ ਕਿ ਰਾਜ ਵਿਚ ਇੱਕ ਮੱਛੀ ਬਰੂਡ ਬੈਂਕ ਸਥਾਪਿਤ ਕੀਤਾ ਜਾਵੇਗਾ ਜਿਸ ਦੁਆਰਾ ਵਿਗਿਆਨਿਕ ਤੇ ਪੇਸ਼ੇਵਾਰ ਤਰੀਕੇ ਨਾਲ ਵਧੀਆ ਕਿਸਮ ਦਾ ਮੱਛੀ ਪੂੰਗ ਪੈਦਾ ਕੀਤਾ ਜਾਵੇਗਾ ਅਤੇ ਇਹ ਬੈਂਕ ਸਾਰੇ ਦੇਸ਼ ਲਈ ਉੱਤਮ ਕੁਆਲਿਟੀ ਦੇ ਬਰੂਡਰਜ਼ ਦਾ ਇੱਕ ਸਰੋਤ ਬਣੇਗਾ।ਉਨਾਂ ਇਹ ਵੀ ਦੱਸਿਆ ਕਿ ਜਿਲਾ ਮਾਨਸਾ ਦੇ ਪਿੰਡ ਅਲੀਸ਼ੇਰ ਖੁਰਦ ਵਿਖੇ ਇੱਕ ਨਵਾਂ ਸਰਕਾਰੀ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਜਾ ਰਿਹਾ ਹੈ।ਸ੍ਰੀ ਸਿੱਧੂ ਨੇ ਅੱਗੇ ਦੱਸਿਆ ਕਿ ਸਰਕਾਰ ਵਲੋਂ ਮੱਛੀ ਪਾਲਣ ਦੇ ਪਸਾਰ ਲਈ ਰਾਜ ਵਿਚ ਬਹੁਤ ਸਾਰੀਆਂ ਨਵੀਆਂ ਪਹਿਲ-ਕਦਮੀਆਂ ਕੀਤੀਆਂ ਗਈਆਂ ਹਨ ਜਿਸ ਨੂੰ ਰਾਜ ਵਿਚ ਲਾਗੂ ਕਰਨ ਲਈ ਕਿਸਾਨਾਂ ਨੂੰ ਤਕਨੀਕੀ, ਆਰਥਿਕ ਅਤੇ ਉਦਯੋਗਿਕ ਪੱਧਰ ਤੇ ਸਸ਼ਕਤ ਕੀਤਾ ਜਾ ਰਿਹਾ ਹੈ। ਜਿਸ ਅਧੀਨ ਮੱਛੀ ਪਾਲਣ ਦੇ ਚਾਹਵਾਨ ਵਿਅਕਤੀਆਂ ਨੂੰ ਹਰ ਸਾਲ ਵੱਡੀ ਤਦਾਦ ਵਿੱਚ ਟ੍ਰੇਨਿੰਗਾਂ ਸੈਸ਼ਨ ਲਗਾਏ ਜਾ ਰਹੇ ਹਨ ਜਿਸ ਅਧੀਨ ਸਾਲ 2017-18 ਦੌਰਾਨ 6324 ਵਿਅਕਤੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ 4.51 ਕਰੋੜ ਰੁਪਏ ਦੇ ਕਰਜੇ ਮੱਛੀ ਪਾਲਕਾਂ ਨੂੰ ਬੈਂਕਾਂ ਪਾਸੋਂ ਦਿਵਾਏ ਗਏ।ਉਨਾਂ ਅੱਗੇ ਦੱਸਿਆ ਕਿ ਮੱਛੀ ਪਾਲਣ ਨੂੰ ਵਿਗਿਆਨਕ ਤੇ ਤਕਨੀਕੀ ਪੱਧਰ ਤੇ ਵਿਕਸਿਤ ਕਰਨ ਲਈ ਇਹ ਜਰੂਰੂ ਹੈ ਕਿ ਸੂਬੇ ਦੇ ਹਰ ਜਿਲੇ ਦੇ ਮੱਛੀ ਪਾਲਣ ਲਈ ਪਾਣੀ ਦੀ ਕੁਆਲਿਟੀ ਬਰਕਰਾਰ ਰੱਖਣ ਅਤੇ ਬਿਮਾਰੀ ਦੀ ਤੁਰੰਤ ਪਹਿਚਾਣ ਕਰਨ ਲਈ ਲਬਾਟਰੀਆਂ ਹੋਣ ਜਿਸ ਦੁਆਰਾ ਮੱਛੀ ਪਾਲਕਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਸਮੇਂ ‘ਤੇ ਹੀ ਰੋਕਿਆ ਜਾ ਸਕੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਲਦ ਰਾਜ ਵਿਚ ਪੰਜ ਲਬਾਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ, ਜਿਨਾਂ ਦੁਆਰਾ ਸਾਰੇ ਜਿਲਿਆਂ ਦੇ ਮੱਛੀ ਪਾਲਕਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

VIA PUNJAB