ਭਾਰਤੀ ਹਾਕੀ ਟੀਮ ਦਾ ਧਿਆਨ ਓਲੰਪਿਕ ਲਈ ਕੁਆਲੀਫਾਈ ਕਰਨ ’ਤੇ: ਮਨਪ੍ਰੀਤ

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਅੱਠ ਵਾਰ ਦੀ ਓਲੰਪਿਕ ਚੈਂਪੀਅਨ ਭਾਰਤ ਦਾ ਧਿਆਨ ਅਗਲੇ ਸਾਲ ਹੋਣ ਵਾਲੀ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ’ਤੇ ਹੈ। ਟੋਕੀਓ ਖੇਡਾਂ ਦੀ ਪੁੱਠੀ ਗਿਣਤੀ ਅੱਜ ਸ਼ੁਰੂ ਹੋ ਗਈ, ਜਿਸ ਦੇ ਸ਼ੁਰੂ ਹੋਣ ਵਿੱਚ ਪੂਰੇ 12 ਮਹੀਨੇ ਜਾਂ 365 ਦਿਨ ਦਾ ਸਮਾਂ ਪਿਆ ਹੈ। 2020 ਓਲੰਪਿਕ ਅਗਲੇ ਸਾਲ 24 ਜੁਲਾਈ ਤੋਂ 9 ਅਗਸਤ ਤੱਕ ਕਰਵਾਈ ਜਾਵੇਗੀ। ਪੁਰਸ਼ ਅਤੇ ਮਹਿਲਾ ਦੋਵਾਂ ਵਰਗ ਦੇ ਸ਼ੁਰੂਆਤ ਗੇੜ ਦੇ ਮੁਕਾਬਲੇ 25 ਜੁਲਾਈ ਤੋਂ ਸ਼ੁਰੂ ਹੋਣਗੇ।ਮਨਪ੍ਰੀਤ ਨੇ ਕਿਹਾ, ‘‘ਸਾਨੂੰ ਪਤਾ ਹੈ ਕਿ ਓਲੰਪਿਕ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਅਸੀਂ ਖ਼ੁਦ ਨੂੰ ਲਗਾਤਾਰ ਯਾਦ ਕਰਵਾਉਂਦੇ ਰਹਿੰਦੇ ਹਾਂ ਕਿ ਕੁਆਲੀਫਾਈ ਕਰਨ ਵਿੱਚ ਅਤੇ ਟੋਕੀਓ ਓਲੰਪਿਕ-2020 ਸ਼ੁਰੂ ਹੋਣ ਵਿੱਚ ਕਿੰਨੇ ਦਿਨ ਬਚੇ ਹਨ। ਅਸੀਂ ਕੁਆਲੀਫਾਈ ਕਰਨ ਲਈ ਪੱਬਾਂ ਭਾਰ ਹਾਂ।’’ ਉਨ੍ਹਾਂ ਕਿਹਾ, ‘‘ਖਿਡਾਰੀ ਹੀ ਨਹੀਂ, ਸਗੋਂ ਕੋਚਿੰਗ ਸਟਾਫ ਵੀ ਸਾਨੂੰ ਇਸ ਸਬੰਧੀ ਯਾਦ ਦਿਵਾਉਂਦਾ ਰਹਿੰਦਾ ਹੈ।’’ਭਾਰਤੀ ਕਪਤਾਨ ਨੇ ਕਿਹਾ ਕਿ ਉਨ੍ਹਾਂ ਨੇ ਕਮਜੋਰ ਪੱਖਾਂ ’ਤੇ ਕੰਮ ਕਰਨ ਲਈ ਛੋਟੇ ਟੀਚੇ ਤੈਅ ਕੀਤੇ ਹਨ। ਉਹ ਬਿਹਤਰ ਪ੍ਰਦਰਸ਼ਨ ਨੂੰ ਯਕੀਨੀ ਬਣਾਉਣ ਲਈ ਹਰੇਕ ਬਿੰਦੂ ’ਤੇ ਧਿਆਨ ਦੇ ਰਹੇ ਹਨ। ਮਨਪ੍ਰੀਤ ਨੇ ਨਾਲ ਹੀ ਕਿਹਾ ਕਿ ਓਲੰਪਿਕ ਤੋਂ ਪਹਿਲਾਂ ਸੱਟਾਂ ਤੋਂ ਬਚਣਾ ਵੀ ਖਿਡਾਰੀਆਂ ਲਈ ਅਹਿਮ ਹੋਵੇਗਾ। ਇਸ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਕਿ ਉਹ ਟੋਕੀਓ ਵਿੱਚ ਥਾਂ ਪੱਕੀ ਕਰਨ ਲਈ ਵਚਨਬੱਧ ਹੈ, ਜਿਸ ਨਾਲ ਦੁਨੀਆਂ ਨੂੰ ਦੱਸ ਸਕੇ ਕਿ 2016 ਰੀਓ ਓਲੰਪਿਕ ਲਈ ਉਸ ਦਾ ਕੁਆਲੀਫਾਈ ਕਰਨਾ ਤੁੱਕਾ ਨਹੀਂ ਸੀ।

VIA PUNJAB