ਵੋਜ਼ਨਿਆਕੀ ਚਾਈਨਾ ਓਪਨ ਦੇ ਤੀਜੇ ਗੇੜ ’ਚ ਪੁੱਜੀ

ਪੇਈਚਿੰਗ – ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਕੈਰੋਲਾਈਨ ਵੋਜ਼ਨਿਆਕੀ ਅਤੇ ਸੱਤਵਾਂ ਦਰਜਾ ਪ੍ਰਾਪਤ ਕੈਰੋਲਾਈਨ ਪਲਿਸਕੋਵਾ ਨੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਮਹਿਲਾ ਸਿੰਗਲਜ਼ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਵੋਜ਼ਨਿਆਕੀ ਨੇ ਪੇਤਰਾ ਮਾਰਟਿਚ ਨੂੰ ਇੱਕ ਘੰਟਾ 47 ਮਿੰਟ ਵਿੱਚ ਲਗਾਤਾਰ ਸੈੱਟਾਂ ਵਿੱਚ 7-5, 6-3 ਨਾਲ ਹਰਾਇਆ। ਸਾਬਕਾ ਅੱਵਲ ਨੰਬਰ ਖਿਡਾਰਨ ਵੋਜ਼ਨਿਆਕੀ ਨੇ ਇਸ ਜਿੱਤ ਨਾਲ 36ਵੀਂ ਰੈਕਿੰਗ ਵਾਲੀ ਕ੍ਰੋਏਸ਼ਿਆਈ ਖਿਡਾਰਨ ਖ਼ਿਲਾਫ਼ ਕਰੀਅਰ ਰਿਕਾਰਡ 5-0 ਅਤੇ ਸੈੱਟ ਰਿਕਾਰਡ 10-0 ਕਰ ਲਿਆ ਹੈ। ਉਹ ਆਖ਼ਰੀ-16 ਵਿੱਚ ਐਸਤੋਨੀਆ ਦੀ ਏਨੇਟ ਕੌਂਟਾਵਿਟ ਖ਼ਿਲਾਫ਼ ਖੇਡੇਗੀ। ਪਲਿਸਕੋਵਾ ਨੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਆਲਿਆਸਾਂਦਰਾ ਸਾਂਸੋਵਿਚ ਨੂੰ ਲਗਾਤਾਰ ਸੈੱਟਾਂ ਵਿੱਚ 6-3, 6-4 ਨਾਲ ਹਰਾਇਆ। ਵੁਹਾਨ ਦੇ ਦੂਜੇ ਗੇੜ ਵਿੱਚ ਹਾਰ ਕੇ ਬਾਹਰ ਹੋਣ ਵਾਲੀ ਪਲਿਸਕੋਵਾ ਨੇ ਚਾਈਨਾ ਓਪਨ ਦੇ ਪਹਿਲੇ ਗੇੜ ਵਿੱਚ ਸੈਮ ਸਤੋਸੁਰ ਨੂੰ ਹਰਾ ਕੇ ਆਪਣੇ ਕਰੀਅਰ ਦੀ 250ਵੀਂ ਜਿੱਤ ਦਰਜ ਕੀਤੀ। ਚੈੱਕ ਖਿਡਾਰਨ ਨੇ ਮੈਚ ਵਿੱਚ 21 ਵਿਨਰਜ਼ ਲਾਏ ਅਤੇ ਆਸਾਨੀ ਨਾਲ ਮੈਚ ਜਿੱਤਿਆ।

VIA PUNJAB