ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵਾਂ ਜੋੜਾਘਰ ਸੰਗਤ ਅਰਪਣ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਾਵਾਂ ਵਾਲੇ ਪਾਸੇ ਨਵਾਂ ਤਿਆਰ ਕੀਤਾ ਗਿਆ ਜੋੜਾਘਰ ਅੱਜ ਅਰਦਾਸ ਉਪਰੰਤ ਸੰਗਤ ਅਰਪਣ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜੋੜਾਘਰ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦਿੱਤੀ ਗਈ ਸੀ। ਜੋੜਾਘਰ ਸੰਗਤ ਅਰਪਣ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ ਗਏ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੇ ਕਿਹਾ ਕਿ ਇਸ ਜੋੜਾਘਰ ਦੀ ਸੇਵਾ ਦੌਰਾਨ ਬੇਅੰਤ ਸੰਗਤਾਂ ਨੇ ਹਿੱਸਾ ਪਾਇਆ ਹੈ ਅਤੇ ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦਾ ਜੋੜਾਘਰ ਦੀ ਸੇਵਾ ਮੁਕੰਮਲ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਤਰਫੋਂ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਇਹ ਜੋੜਾਘਰ ਬੇਸਮੈਂਟ ਸਮੇਤ 4500 ਵਰਗ ਫੁੱਟ ਵਿਚ ਬਣਾਇਆ ਗਿਆ ਹੈ, ਜਿਸ ਵਿਚ 20000 ਜੋੜੇ ਰੱਖਣ ਦੀ ਸਮਰੱਥਾ ਹੈ। ਇਸ ਦੀ ਸਾਰੀ ਇਮਾਰਤ ਵਾਤਾਅਨੁਕੂਲ ਬਣਾਈ ਹੈ ਅਤੇ ਇਸ ਦੇ ਬਾਹਰ ਖ਼ੂਬਸੂਰਤ ਫੁਹਾਰੇ ਸ਼ਾਨਦਾਰ ਦ੍ਰਿਸ਼ ਪੇਸ਼ ਕਰਦੇ ਹਨ। ਇਸ ਤੋਂ ਇਲਾਵਾ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਜੋੜਾਘਰ ਦੀ ਛੱਤ ਉੱਪਰ ਵਿਸ਼ੇਸ਼ ਤਿਆਰ ਕੀਤੀਆਂ ਕਿਆਰੀਆਂ ਅਤੇ ਵਡ-ਅਕਾਰੀ ਗਮਲਿਆਂ ਵਿਚ ਬੂਟੇ ਲਗਾਏ ਗਏ ਹਨ। ਸੰਗਤਾਂ ਦੇ ਬੈਠਣ ਲਈ ਸਾਗਵਾਨ ਦੀ ਲੱਕੜ ਨਾਲ ਤਿਆਰ ਕੀਤੇ ਸੁੰਦਰ ਅਤੇ ਮਜ਼ਬੂਤ ਬੈਂਚ ਵੀ ਲਗਾਏ ਗਏ ਹਨ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਬਾਬਾ ਹਰਭਜਨ ਸਿੰਘ ਭਲਵਾਨ, ਬਾਬਾ ਗੁਰਨਾਮ ਸਿੰਘ, ਬਾਬਾ ਦੀਦਾਰ ਸਿੰਘ ਸੈਦੋਲਹਿਲ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਲਖਬੀਰ ਸਿੰਘ ਅਰਾਈਆਂਵਾਲਾ, ਸ. ਗੁਰਮੀਤ ਸਿੰਘ ਬੂਹ, ਮੈਂਬਰ ਸ. ਬਾਵਾ ਸਿੰਘ ਗੁਮਾਨਪੁਰਾ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਵਧੀਕ ਸਕੱਤਰ ਸ. ਕੇਵਲ ਸਿੰਘ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਹਰਪ੍ਰੀਤ ਸਿੰਘ, ਸ. ਰਾਮ ਸਿੰਘ ਭਿੰਡਰ, ਭਾਈ ਅਮਰੀਕ ਸਿੰਘ, ਸ. ਕੰਵਰਪ੍ਰਤਾਪ ਸਿੰਘ, ਇੰਜੀਨੀਅਰ ਜਸਪ੍ਰੀਤ ਸਿੰਘ, ਸ. ਕੁਲਦੀਪ ਸਿੰਘ, ਸ. ਭੁਪਿੰਦਰ ਸਿੰਘ ਕਾਕਾ, ਸ. ਸ਼ਰਨਜੀਤ ਸਿੰਘ, ਸ. ਹਰਬੰਸ ਸਿੰਘ, ਸ. ਮਹਿੰਗਾ ਸਿੰਘ, ਸ. ਜਗਦੀਸ਼ ਸਿੰਘ ਆਦਿ ਮੌਜੂਦ ਸਨ।

VIA PUNJAB