- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੁੱਖ ਮੰਤਰੀ ਵੱਲੋਂ ਸਮੂਹ ਸਿਆਸੀ ਪਾਰਟੀਆਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚੱਲਣ ਵਾਲੇ ਸਮਾਗਮਾਂ ‘ਚ ਸ਼ਾਮਲ ਹੋਣ ਦੀ ਅਪੀਲ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮੂਹ ਸਿਆਸੀ ਪਾਰਟੀਆਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਆਪਣੇ ਸੌੜੇ ਹਿੱਤ ਲਾਂਭੇ ਰੱਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੁਚੱਜੇ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੰਤ ਸਮਾਜ ਨੂੰ ਇਨਾਂ ਪਾਰਟੀਆਂ ਅਤੇ ਸੰਸਥਾਵਾਂ ਦੇ ਲੀਡਰਾਂ ਨੂੰ ਇਸ ਇਤਿਹਾਸਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਖਣ ਦੀ ਅਪੀਲ ਕੀਤੀ ਹੈ।ਮੁੱਖ ਮੰਤਰੀ ਨੇ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਵਜੋਂ ਵਿਕਸਤ ਕਰਨ ਲਈ ਸਾਰੀਆਂ ਸੰਸਥਾਵਾਂ ਨੂੰ ਸਹਿਯੋਗ ਕਰਨ ਲਈ ਆਖਿਆ। ਉਨਾਂ ਨੇ ਸੰਤ ਸਮਾਜ ਨੂੰ ਸੁਲਤਾਨਪੁਰ ਲੋਧੀ ਨੂੰ ਸਮਾਰਟ ਸ਼ਹਿਰ ਬਣਾਉਣ ਲਈ ਬੁਨਿਆਦੀ ਢਾਂਚੇ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੇ ਉਪਰਾਲਿਆਂ ਵਿੱਚ ਸਾਥ ਦੇਣ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਤੇ ਫ਼ਲਸਫ਼ਾ ਪੰਜਾਬ ਦੀ ਸਾਂਝੀ ਵਿਰਾਸਤ ਹੈ ਅਤੇ ਇਸ ਲਈ ਸਮੂਹ ਸਿਆਸੀ/ਧਾਰਮਿਕ ਪਾਰਟੀਆਂ/ਸਮੂਹਾਂ/ਵਿਅਕਤੀ ਵਿਸ਼ੇਸ਼ ਨੂੰ ਆਪਣੇ ਸਿਆਸੀ ਵਖਰੇਵਿਆਂ ਤੋਂ ਉਪਰ ਉੱਠ ਕੇ ਪਹਿਲੇ ਪਾਤਿਸ਼ਾਹ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਨਾ ਚਾਹੀਦਾ ਹੈ।ਪੰਜਾਬ ਭਵਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਰੋਹਾਂ ਸਬੰਧੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਸੰਬੋਧਤ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਪਾਵਨ ਤੇ ਧਾਰਮਿਕ ਸਮਾਗਮ ਤੋਂ ਸਿਆਸਤ ਨੂੰ ਦੂਰ ਰੱਖਣ ‘ਤੇ ਜ਼ੋਰ ਦਿੱਤਾ। ਧਾਰਮਿਕ ਸ਼ਰਧਾ-ਭਾਵਨਾ ਵਾਲੇ ਇਸ ਸਮਾਗਮ ਨੂੰ ਵਧੀਆ ਢੰਗ ਨਾਲ ਮਨਾਉਣ ਸਬੰਧੀ ਸੰਤ ਸਮਾਜ ਦੇ ਮੁਖੀਆਂ ਵੱਲੋਂ ਸੁਝਾਏ ਗਏ ਵਿਚਾਰਾਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਸੰਤ ਸਮਾਜ ਦੇ ਨੁਮਾਇੰਦਿਆਂ ਦੇ ਸਹਿਯੋਗ ਅਤੇ ਦਿਲੋਂ ਮਦਦ ਦੀ ਮੰਗ ਕੀਤੀ।ਮੁੱਖ ਮੰਤਰੀ ਨੇ ਕਿਹਾ, ”ਅਸੀਂ ਸਾਰੇ ਬਹੁਤ ਭਾਗਾਂ ਵਾਲੇ ਹਾਂ, ਜਿਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਇਸ ਇਤਿਹਾਸਕ ਤੇ ਪਾਵਨ ਪੁਰਬ ਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।” ਉਨਾਂ ਕਿਹਾ ਕਿ ਸਾਡੀ ਸਰਕਾਰ ਇਸ ਵੱਡੀ ਪੱਧਰ ਦੇ ਸਮਾਗਮ ਨੂੰ ਸ਼ਰਧਾ-ਭਾਵਨਾ ਨਾਲ ਮਨਾਉਣ ਲਈ ਹਰ ਸੁਹਿਰਦ ਯਤਨ ਕਰ ਰਹੀ ਹੈ। ਉਨਾਂ ਸਮੂਹ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਹ ਸਮਾਗਮ ਉਸ ਉਤਸ਼ਾਹ ਨਾਲ ਮਨਾਇਆ ਜਾਵੇ, ਜਿਸ ਉਤਸ਼ਾਹ ਨਾਲ ਮਨਾਇਆ ਜਾਣਾ ਚਾਹੀਦਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਜੀ ਦੇ ਵਿਚਾਰਧਾਰਾ ਅਤੇ ਸਿੱਖਿਆਵਾਂ ਨੂੰ ਵਿਸ਼ਵ ਭਰ ਵਿੱਚ ਪਸਾਰ ਲਈ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਇਨਾਂ ਸਮਾਗਮਾਂ ਵਿੱਚ ਸ਼ਾਮਲ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਫਿਲਾਸਫੀ ਪੰਜਾਬ ਦਾ ਸਾਂਝਾ ਵਿਰਸਾ ਹੈ ਅਤੇ ਇਸ ਵਾਸਤੇ ਸਾਰੀਆਂ ਰਾਜਸੀ/ਧਾਰਮਿਕ ਪਾਰਟੀਆਂ/ਸਮੂਹਾਂ/ਵਿਅਕਤੀਆਂ ਨੂੰ ਆਪਣੇ ਵਖਰੇਵੇਂ ਭੁਲਾ ਕੇ ਇਸ ਮੌਕੇ ਜਸ਼ਨ ਮਨਾਉਣ ਲਈ ਇਕ ਮੰਚ ‘ਤੇ ਇਕੱਠੇ ਹੋਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਸੰਤ ਸਮਾਜ ਨੂੰ ਪ੍ਰੋਗਰਾਮ ਉਲੀਕਣ ਵਿੱਚ ਕਾਰਜਕਾਰੀ ਕਮੇਟੀ ਨਾਲ ਸਹਿਯੋਗ ਕਰਨ ਅਤੇ ਨਿਯਮਤ ਤੌਰ ‘ਤੇ ਆਪਣੇ ਸੁਝਾਅ ਦੇਣ ਲਈ ਬੇਨਤੀ ਕੀਤੀ ਤਾਂ ਜੋ ਗੁਰੂ ਜੀ ਦੀ ਆਲਮੀ ਭਾਈਚਾਰੇ, ਮਿੱਤਰਤਾ, ਸਨੇਹ ਅਤੇ ਕਰੁਣਾ ਵਾਲੀ ਵਿਰਾਸਤ ਨੂੰ ਅੱਗੇ ਵਧਾਇਆ ਜਾ ਸਕੇ।ਇਸ ਮੌਕੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਦਾ ਲੋਗੋ ਵੀ ਰਿਲੀਜ਼ ਕੀਤਾ। ਇਹ ਲੋਗੋ ਗੌਰਮਿੰਟ ਆਰਟਸ ਕਾਲਜ, ਚੰਡੀਗੜ ਦੀ ਪੋਸਟ-ਗ੍ਰੈਜੂਏਟ ਵਿਦਿਆਰਥਣ ਤੁਲਸੀ ਦੇਵੀ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ ਅਤੇ ਮੁੱਖ ਮੰਤਰੀ ਨੇ 21 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਉਸ ਦਾ ਸਨਮਾਨ ਕੀਤਾ ਗਿਆ।ਸੰਤ ਸਮਾਜ ਦੇ ਮੈਂਬਰਾਂ ਦੀ ਚਿੰਤਾ ‘ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕੀਤਾ। ਉਨਾਂ ਕਿਹਾ ਕਿ ਸੂਬਾਈ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਆਪਣਾ ਕੰਮ ਕਰ ਰਹੀ ਹੈ ਅਤੇ ਅਜਿਹੇ ਘਿਨੌਣੇ ਅਪਰਾਧ ਵਿੱਚ ਸ਼ਾਮਲ ਵਿਅਕਤੀਆਂ ਕਾਨੂੰਨ ਮੁਤਾਬਕ ਸਖ਼ਤ ਸਜ਼ਾ ਮਿਲੇਗੀ। ਉਨਾਂ ਨੇ ਸੰਤ ਸਮਾਜ ਨੂੰ ਭਰੋਸਾ ਦਿੱਤਾ ਕਿ ਇਨਾਂ ਕੇਸਾਂ ਦੀ ਜਾਂਚ ਨੂੰ ਤਰਕਸੰਗਤ ਨਤੀਜੇ ‘ਤੇ ਪਹੁੰਚਾਇਆ ਜਾਵੇਗਾ। ਨਸ਼ੇ ਦੀ ਸਮੱਸਿਆ ਨੂੰ ਜੜੋਂ ਖ਼ਤਮ ਕਰਨ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡਰੱਗ ਮਾਫੀਆ ਖ਼ਿਲਾਫ਼ ਕਾਰਵਾਈ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ ਅਤੇ ਪੁਲੀਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਉਨਾਂ ਚਿਤਾਵਨੀ ਦਿੱਤੀ ਕਿ ਜੋ ਵੀ ਸਾਡੇ ਨੌਜਵਾਨਾਂ ਦੇ ਭਵਿੱਖ ਨਾਲ ਖੇਡਣ ਦਾ ਯਤਨ ਕਰੇਗਾ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨਾਂ ਕਿਹਾ ਕਿ ਸਰਹੱਦ ਪਾਰਲੇ ਗੁਆਂਢੀ ਵੱਲੋਂ ਨਸ਼ਿਆਂ ਦੀ ਸਪਲਾਈ ਲਈ ਪੰਜਾਬ ਨੂੰ ਲਾਂਘੇ ਵਜੋਂ ਵਰਤਿਆ ਜਾ ਰਿਹਾ ਹੈ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਕਮਜ਼ੋਰ ਕਰਕੇ ਅਸਥਿਰਤਾ ਪੈਦਾ ਕੀਤੀ ਜਾ ਸਕੇ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਸਦਭਾਵਨਾ ਦੀ ਮਿਸਾਲ ਕਾਇਮ ਕਰਨ ਲਈ ਇਸ ਵੱਡ-ਆਕਾਰੀ ਧਾਰਮਿਕ ਸਮਾਗਮ ਨੂੰ ਬੇਮਿਸਾਲ ਢੰਗ ਨਾਲ ਮਨਾਉਣ।ਇਸ ਤੋਂ ਪਹਿਲਾਂ ਬਾਬਾ ਸਰਬਜੋਤ ਸਿੰਘ ਬੇਦੀ ਨੇ ਇਹ ਇਤਿਹਾਸਕ ਸਮਾਰੋਹ ਅਸਰਦਾਇਕ ਅਤੇ ਵਧੀਆ ਤਰੀਕੇ ਨਾਲ ਮਨਾਉਣ ਦੇ ਵਾਸਤੇ ਸੂਬਾ ਸਰਕਾਰ ਨੂੰ ਕਾਰਜਕਾਰੀ ਕਮੇਟੀ ਦੇ ਨਾਲ ਤਾਲਮੇਲ ਕਰਨ ਦੇ ਵਾਸਤੇ ਸੰਤ ਸਮਾਜ ਦੀ ਸਬ ਕਮੇਟੀ ਤਿਆਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆ ਭਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਇਸ ਮਹਾਨ ਉਤਸਵ ਦਾ ਵੱਧ ਤੋਂ ਵੱਧ ਵਰਤੋਂ ਕਰੋ ਦੀ ਮੁੱਖ ਮੰਤਰੀ ਨੂੰ ਬੇਨਤੀ ਵੀ ਕੀਤੀ ਹੈ।
ਸੰਤ ਬਾਬਾ ਸੁਖਦੇਵ ਸਿੰਘ ਰੂਮੀ ਨੇ ਸੁਝਾਅ ਦਿੱਤਾ ਕਿ ਸੂਬਾ ਸਰਕਾਰ ਹੋਰ ਧਾਰਮਿਕ ਸੰਪਰਦਾਵਾਂ ਦੀ ਵੀ ਸ਼ਮੂਲੀਅਤ ਕਰਾਵੇ ਤਾਂ ਜੋ ਗੁਰੂ ਜੀ ਦੀ ਪ੍ਰਮਾਤਮਾ ਇਕ ਹੈ ਅਤੇ ਵਿਸ਼ਵਵਿਆਪੀ ਭਾਈਚਾਰੇ ਦੀ ਬੁਨਿਆਦੀ ਵਿਚਾਰਧਾਰਾ ਨੂੰ ਪ੍ਰਤੀਬਿੰਬਤ ਕਰੇ।ਉੱਘੇ ਵਾਤਾਵਰਨ ਮਾਹਿਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਾਲੀ ਵੇਈਂ ਵਿੱਚ 550 ਕਿਊਸਕ ਪਾਣੀ ਛੱਡ ਕੇ ਸੁਲਤਾਨਪੁਰ ਲੋਧੀ ਪਵਿੱਤਰ ਕਾਲੀਂ ਵੇਈਂ ਨੂੰ ਸਾਫ਼ ਕਰਨ ਦੀ ਸੂਬਾ ਸਰਕਾਰ ਨੂੰ ਅਪੀਲ ਕੀਤੀ। ਉਨਾਂ ਨੇ ਇਸ ਵੇਈਂ ਵਿੱਚ ਨਿਯਮਤ ਤੌਰ ‘ਤੇ ਪਾਣੀ ਦੇ ਵਹਾਅ ਦੀ ਵੀ ਅਪੀਲ ਕੀਤੀ ਕਿਉਂਕਿ ਇਸ ਵੇਲੇ 300 ਕਿਊਸਕ ਪਾਣੀ ਨੂੰ ਛੱਡੇ ਜਾਣਾ ਸੁਲਤਾਨਪੁਰ ਲੋਧੀ ਪਹੁੰਚਣ ਲਈ ਕਾਫ਼ੀ ਨਹੀਂ ਹੈ। ਉਨਾਂ ਨੇ ਜੰਗੀ ਪੱਧਰ ‘ਤੇ ਕਾਲੀ ਵੇਈਂ ਨੂੰ ਸਾਫ਼ ਕਰਨ ਦਾ ਕਾਰਜ ਕਰਨ ਲਈ ਸਰਕਾਰ ਨੂੰ ਆਖਿਆ। ਇਸ ਤੋਂ ਇਲਾਵਾ ਅਗਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਸਾਰੇ ਸੀਵਰੇਜ ਟ੍ਰੀਟਮੈਂਟ ਪਲਾਂਟ ਕਾਰਜਸ਼ੀਲ ਕਰਨ ਲਈ ਆਖਿਆ।ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਵਿਸ਼ੇਸ਼ ਉਤਸਵ ਮੌਕੇ ਸਰਕਾਰ ਨੂੰ ਸਿਹਤ, ਵਾਤਾਵਰਣ ਅਤੇ ਸਿੱਖਿਆ ਵਰਗੇ ਅਹਿਮ ਮੁੱਦਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ ਜਿਨਾਂ ਨੇ ਮਾਨਵੀ ਜੀਵਨ ਦੀ ਮਹੱਤਤਾ ਨੂੰ ਪ੍ਰਚਾਰਨ ਵਾਸਤੇ ਆਪਣਾ ਸਮੁੱਚਾ ਜੀਵਨ ਲਾਇਆ ਹੈ। ਨਿਰਮਲ ਸੰਪਰਦਾਇ ਦੇ ਬਾਬਾ ਗਿਆਨ ਦੇਵ ਸਿੰਘ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਇਸ ਮਹਾਨ ਸਮਾਰੋਹ ਨੂੰ ਸਫ਼ਲ ਬਨਾਉਣ ਲਈ ਉਨਾਂ ਦੇ ਅਨੁਯਾਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਹਰ ਸਹਿਯੋਗ ਅਤੇ ਸਮਰਥਣ ਦੇਣ ਦਾ ਭਰੋਸਾ ਦਿਵਾਇਆ। ਸੰਤ ਸੇਵਾ ਸਿੰਘ ਰਾਮਪੁਰ ਖੇੜਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਦੁਨੀਆਂ ਭਰ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਮਾਨਵਤਾ ਬਾਰੇ ਗੁਰੂ ਜੀ ਦੇ ਫ਼ਲਸਫ਼ੇ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਾ ਸਕੇ। ਇਸ ਮੌਕੇ ਕੈਬਨਿਟ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ ਤੇ ਵਿਜੇ ਇੰਦਰ ਸਿੰਗਲਾ, ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ. ਚਾਹਲ, ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ, ਫਿਰੋਜ਼ਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਮੁੱਖ ਮੰਤਰਹੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਵਧੀਕ ਮੁੱਖ ਸਕੱਤਰ ਮਕਾਨ ਤੇ ਉਦਯੋਗ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਵਿੱਤ ਅਨੁਰਿਧ ਤਿਵਾੜੀ, ਪ੍ਰਮੁੱਖ ਸਕੱਤਰ ਸੈਰ ਸਪਾਟਾ ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈਜ਼ ਕੇ.ਏ.ਪੀ. ਸਿਨਹਾ, ਵਧੀਕ ਮੁੱਖ ਸਕੱਤਰ ਜੰਗਲਾਤ ਰੋਸ਼ਨ ਸੁੰਕਾਰੀਆ, ਪ੍ਰਮੁੱਖ ਸਕੱਤਰ ਜੇਲਾਂ ਕਿਰਪਾ ਸ਼ੰਕਰ ਸਰੋਜ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨੰਦਿਤਾ ਮਿੱਤਰਾ ਵੀ ਹਾਜ਼ਰ ਸਨ।


