ਪੰਜਾਬ ਦੇ ਮੁੱਖ ਮੰਤਰੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਜਨਮ ਦਿਨ ਸਬੰਧੀ ਮਨਾਏ ਜਾ ਰਹੇ ਸਮਾਰੋਹਾਂ ‘ਤੇ ਨਿਗਰਾਨੀ ਰੱਖਣ ਲਈ ਤਿੰਨ ਕਮੇਟੀਆਂ ਦਾ ਗਠਨ

ਪੰਜਾਬ ਦੇ ਮੁੱਖ ਮੰਤਰੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਜਨਮ ਦਿਨ ਸਬੰਧੀ ਮਨਾਏ ਜਾ ਰਹੇ ਸਮਾਰੋਹਾਂ ‘ਤੇ ਨਿਗਰਾਨੀ ਰੱਖਣ ਲਈ ਤਿੰਨ ਕਮੇਟੀਆਂ ਦਾ ਗਠਨ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਜਨਮ ਦਿਨ ਨੂੰ ਮਨਾਉਣ ਸਬੰਧੀ ਪ੍ਰਬੰਧਾਂ ‘ਤੇ ਨਿਗਰਾਨੀ ਰੱਖਣ ਲਈ ਤਿੰਨ ਕਮੇਟੀਆਂ ਦਾ ਗਠਨ ਕੀਤਾ ਹੈ। ਇਹ ਕਮੇਟੀ ਸੁਲਤਾਨਪੁਰ ਲੋਧੀ, ਡੇਰਾਬਾਬਾ ਨਾਨਕ ਅਤੇ ਬਟਾਲਾ ਵਰਗੇ ਗੁਰੂ ਜੀ ਦੇ ਚਰਨ ਛੋਹ ਸਥਾਨਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਵੀ ਨਿਗਰਾਨੀ ਰੱਖਣਗੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਬੰਧੀ ਸਮਾਰੋਹਾਂ ਦੀ ਤਿਆਰੀ ਜਾ ਜ਼ਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਦੇਹਾਤੀ ਅਤੇ ਸ਼ਹਿਰੀ ਇਲਾਕਿਆਂ ਲਈ ਇਕ ਬੁਨਿਆਦੀ ਢਾਂਚਾ ਵਿਕਾਸ ਕਮੇਟੀ ਅਤੇ ਇਕ ਸਮਾਰੋਹ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਇਕ ਸੱਭਿਆਚਾਰਕ ਮਾਮਲਿਆਂ ਬਾਰੇ ਕਮੇਟੀ ਦਾ ਵੀ ਗਠਨ ਕੀਤਾ ਜੋ ਇਨਾਂ ਸਮਾਰੋਹਾਂ ਦੀ ਵਿਆਪਕ ਰੂਪ ਰੇਖਾ ਤਿਆਰ ਕਰੇਗੀ ਜੋ ਕਿ ਵੱਖ-ਵੱਖ ਥਾਵਾਂ ‘ਤੇ ਮਨਾਏ ਜਾਣਗੇ। ਇਸ ਮਕਸਦ ਲਈ ਗਠਿਤ ਕਾਰਜਕਾਰੀ ਕਮੇਟੀ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ 92 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟਾਂ ਦੀ ਟੈਂਡਰ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਪੀ.ਡਬਲਯੂ.ਡੀ ਵਿਭਾਗ ਨੂੰ ਆਖਿਆ ਹੈ ਜਿਸ ਦੇ ਵਾਸਤੇ 71 ਕਰੋੜ ਰੁਪਏ ਪਹਿਲਾਂ ਹੀ ਪ੍ਰਵਾਨ ਹੋ ਚੁੱਕੇ ਹਨ। ਇਹ ਰਾਸ਼ੀ ਸੁਲਤਾਨਪੁਰ ਲੋਧੀ ਦੀਆਂ 15 ਪ੍ਰਮੁੱਖ ਸੜਕਾਂ ਦੇ ਵਾਸਤੇ ਹੈ ਜਿਨਾਂ ਦੀ ਲੰਬਾਈ 142 ਕਿਲੋਮੀਟਰ ਬਣਦੀ ਹੈ। ਇਸ ਤੋਂ ਇਲਾਵਾ ਇਕ ਉੱਚ ਪੱਧਰੀ ਪੁਲ ਅਤੇ ਆਧੁਨਿਕ ਰੈਸਟ ਹਾਉਸ ਵੀ ਉਸਾਰਿਆ ਜਾਣਾ ਹੈ। ਇਨਾਂ ਤਿੰਨ ਕਮੇਟੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਇਕ ਬੁਲਾਰੇ ਨੇ ਦੱਸਿਆ ਕਿ ਸਥਾਨਕ ਸਰਕਾਰ ਮੰਤਰੀ ਅਤੇ ਦੇਹਾਤੀ ਵਿਕਾਸ ਤੇ ਪੰਚਾਇਤ ਮੰਤਰੀ, ਦੇਹਾਤੀ ਅਤੇ ਸ਼ਹਿਰੀ ਬੁਨਿਆਦੀ ਢਾਂਚਾ ਵਿਕਾਸ ਕਮੇਟੀਆਂ ਦੀ ਅਗਵਾਈ ਕਰਨਗੇ ਜਦਕਿ ਸੱਭਿਆਚਾਰਕ ਮਾਮਲਿਆਂ ਦੇ ਪ੍ਰਮੁੱਖ ਸਕੱਤਰ ਸੱਭਿਆਚਾਰਕ ਮਾਮਲਿਆਂ ਬਾਰੇ ਕਮੇਟੀ ਦੀ ਅਗਵਾਈ ਕਰਨਗੇ। ਇਹ ਸਮਾਰੋਹ ਮਨਾਉਣ ਲਈ 2145 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵਾਸਤੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਇਕ ਵਿਸਤ੍ਰਿਤ ਪ੍ਰਸਤਾਵ ਪੇਸ਼ ਕਰ ਚੁੱਕੇ ਮੁੱਖ ਮੰਤਰੀ ਛੇਤੀਂ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਕੇ ਇਹ ਸਮਾਰੋਹ ਸਫਲਤਾਪੂਰਨ ਮਨਾਏ ਜਾਣ ਲਈ ਕੇਂਦਰੀ ਸਹਾਇਤਾ ਦੀ ਮੰਗ ਬਾਰੇ ਸੂਬਾ ਸਰਕਾਰ ਦੀ ਸੂਚੀ ਪੇਸ਼ ਕਰਨਗੇ। ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਨੇ ਪਵਿੱਤਰ ਕਾਲੀ ਵੇਈਂ ਦੀ ਸਫਾਈ ਪ੍ਰਾਥਮਿਕਤਾ ਦੇ ਆਧਾਰ ‘ਤੇ ਕਰਾਏ ਜਾਣ ਦੇ ਵੀ ਹੁਕਮ ਦਿੱਤੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਨੇਕਾਂ ਮੁੱਢਲੇ ਸਾਲ ਗੁਜ਼ਾਰੇ ਸਨ। ਉਨਾਂ ਨੇ ਇਸ ਮਹਾਨ ਸਮਾਰੋਹ ਨੂੰ ਸਫਲਤਾਪੂਰਨ ਮਨਾਉਣ ਲਈ ਸੰਤ ਸਮਾਜ ਨੂੰ ਇਸ ਵਿੱਚ ਸ਼ਾਮਲ ਕਰਨ ਵਾਸਤੇ ਸਹਿਕਾਰਤਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਨੂੰ ਆਖਿਆ। ਮੀਟਿੰਗ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਪੀ.ਡਬਲਯੂ.ਡੀ ਮੰਤਰੀ ਵਿਜੇਇੰਦਰ ਸਿੰਗਲਾ, ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ, ਪ੍ਰਮੁੱਖ ਸਕੱਤਰ ਸੈਰ ਸਪਾਟਾ ਰੋਸ਼ਨ ਸੰਕਾਰੀਆ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ ਅਤੇ ਡਾਇਰੈਕਟਰ ਸੈਰ ਸਪਾਟਾ ਐਮ.ਐਸ.ਜੱਗੀ ਹਾਜ਼ਰ ਸਨ।

VIA PUNJAB