ਰੋਹਿਤ ਨੇ ਖੇਡੀ ਹੁਣ ਤੱਕ ਦੀ ਸਰਵੋਤਮ ਪਾਰੀ: ਕੋਹਲੀ

ਸਾਊਥੈਂਪਟਨ – ਵਿਰਾਟ ਕੋਹਲੀ ਨੇ ਰੋਹਿਤ ਸ਼ਰਮਾ ਨੂੰ ਕਈ ਵੱਡੇ ਸੈਂਕੜੇ ਲਗਾਉਂਦਿਆਂ ਦੇਖਿਆ ਹੈ ਪਰ ਭਾਰਤੀ ਕਪਤਾਨ ਦਾ ਮੰਨਣਾ ਹੈ ਕਿ ਦੱਖਣੀ ਅਫ਼ਰੀਕਾ ਖ਼ਿਲਾਫ਼ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਉਸ ਦੀ ਇਸ ਵਿਸ਼ਵ ਕੱਪ ਦੇ ਪਹਿਲੇ ਮੈਚ ਦੀ ਇਹ ਪਾਰੀ ਇਕ ਦਿਨਾ ਕਿ੍ਕਟ ਦੀ ਸਰਵੋਤਮ ਪਾਰੀ ਸੀ। ਇਸੇ ਲੈਅ ਤਹਿਤ ਉਹ ਤਿੰਨ ਦੋਹਰੇ ਸੈਂਕੜੇ ਵੀ ਜਮਾ ਚੁੱਕਿਆ ਹੈ। ਰੋਹਿਤ ਸ਼ਰਮਾ ਨੇ ਰੋਸ ਬਾਓਲ ਦੀ ਉਛਾਲ ਭਰੀ ਪਿੱਚ ’ਤੇ 23ਵਾਂ ਸੈਂਕੜਾ ਬਣਾਇਆ। ਕੋਹਲੀ ਨੇ ਮੈਚ ਜਿੱਤਣ ਤੋਂ ਬਾਅਦ ਪੈ੍ਸ ਕਾਨਫਰੰਸ ਵਿੱਚ ਕਿਹਾ, ‘‘ਮੇਰੇ ਖ਼ਿਾਲ ਵਿੱਚ ਇਹ ਉਸ ਦੀ ਸਰਵੋਤਮ ਇਕ ਦਿਨਾ ਪਾਰੀ ਹੈ। ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਕਾਫ਼ੀ ਦਬਾਅ ਰਹਿੰਦਾ ਹੈ।’’ ਉਸ ਨੇ ਕਿਹਾ, ‘‘ਬਤੌਰ ਬੱਲੇਬਾਜ਼ ਮੈਂ ਜਾਣਦਾ ਹਾਂ ਕਿ ਜਦ ਗੇਂਦ ਇਸ ਤਰ੍ਹਾਂ ਉਛਾਲ ਲੈ ਰਹੀ ਹੋਵੇ ਤਾਂ ਆਪਣਾ ਸੁਭਾਵਿਕ ਖੇਡ ਦਿਖਾਉਣਾ ਕਿੰਨਾ ਮੁਸ਼ਕਲ ਹੁੰਦਾ ਹੈ।’’ ਕੋਹਲੀ ਨੇ ਕਿਹਾ ਰੋਹਿਤ ਦੀ ਪਾਰੀ ਦੀ ਸਭ ਤੋਂ ਵੱਡੀ ਖੂਬੀ ਸੀ ਕਿ ਉਸ ਨੇ ਆਪਣਾ ਸੁਭਾਵਿਕ ਹਮਲਾਵਰ ਖੇਡ ਨਹੀਂ ਦਿਖਾਇਆ ਅਤੇ ਸਬਰ ਨਾਲ ਖੇਡਿਆ। ਉਨ੍ਹਾਂ ਕਿਹਾ, ‘‘ਕਈ ਵਾਰ ਬੱਲੇਬਾਜ਼ ਇਹ ਭੁੱਲ ਜਾਂਦੇ ਹਨ ਪਰ ਉਹ ਸੰਜਮ ਨਾਲ ਖੇਡਿਆ।’’ ਉਸ ਨੇ ਕਿਹਾ, ‘‘ਮੈਂ ਉਸ ਦੀਆਂ ਜਿੰਨੀਆਂ ਪਾਰੀਆਂ ਦੇਖੀਆਂ ਹਨ, ਮੇਰੀ ਨਜ਼ਰ ਵਿੱਚ ਇਹ ਸਰਵੋਤਮ ਹੈ ਕਿਉਂਕਿ ਕਿਸੇ ਵੀ ਮੁਕਾਮ ’ਤੇ ਉਸ ਦੀ ਏਕਾਗਰਤਾ ਟੁੱਟਦੀ ਨਹੀਂ ਦਿਖੀ।

VIA PUNJAB