ਅਮਰੀਕੀ ਮੀਡੀਆ ਵਿੱਚ ਉਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਚਰਚਾ

ਵਾਸ਼ਿੰਗਟਨ – ਕੌਮਾਂਤਰੀ ਅੱਤਵਾਦੀ ਸੰਗਠਨ ਅਲਕਾਇਦਾ ਦੇ ਸਰਗਣਾ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਖਬਰ ਮੀਡੀਆ ਵਿੱਚ ਚੱਲ ਰਹੀ ਹੈ| ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਹਮਜਾ ਦੀ ਮੌਤ ਵਿੱਚ ਅਮਰੀਕਾ ਦਾ ਹੱਥ ਹੈ ਜਾਂ ਨਹੀਂ| ਅਮਰੀਕੀ ਖੁਫੀਆ ਅਧਿਕਾਰੀਆਂ ਨੇ ਇੱਥੇ ਇਹ ਨਹੀਂ ਦੱਸਿਆ ਕਿ ਹਮਜਾ ਦੀ ਮੌਤ ਕਿੱਥੇ ਹੋਈ| ਰਾਸ਼ਟਰਪਤੀ ਟਰੰਪ ਨੇ ਵੀ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ| ਇਸ ਤੋਂ ਪਹਿਲਾਂ ਅਮਰੀਕਾ ਨੇ ਹਮਜਾ ਦਾ ਪਤਾ ਲਗਾਉਣ ਵਾਲੇ ਨੂੰ 10 ਲੱਖ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਸੀ| ਅਮਰੀਕਾ ਨੇ ਕਿਹਾ ਸੀ ਕਿ ਹਮਜਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਉਸ ਤੇ ਹਮਲੇ ਦੀ ਸਾਜਸ਼ ਰਚ ਰਿਹਾ ਹੈ| ਇਸ ਨੂੰ ਦੇਖਦੇ ਹੋਏ ਇੰਨੇ ਵੱਡੇ ਇਨਾਮ ਦਾ ਐਲਾਨ ਕੀਤਾ ਗਿਆ ਸੀ| ਅਮਰੀਕਾ ਓਸਾਮਾ ਦੇ ਬੇਟੇ ਹਮਜਾ ਬਿਨ ਲਾਦੇਨ ਨੂੰ ਅੱਤਵਾਦ ਦੇ ਉੱਭਰਦੇ ਹੋਏ ਚਿਹਰੇ ਦੇ ਰੂਪ ਵਿੱਚ ਦੇਖਦਾ ਸੀ| ‘ਜਿਹਾਦ ਦੇ ਯੁਵਰਾਜ’ ਦੇ ਨਾਂ ਤੋਂ ਜਾਣੇ ਜਾਣ ਵਾਲੇ ਹਮਜਾ ਦੇ ਟਿਕਾਣੇ ਦਾ ਕਾਫੀ ਦਿਨਾਂ ਤੋਂ ਕੋਈ ਪਤਾ ਨਹੀਂ ਸੀ| ਸਾਲਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ ਵਿੱਚ ਰਹਿ ਰਿਹਾ ਹੈ ਜਾਂ ਫਿਰ ਇਰਾਨ ਵਿੱਚ ਨਜ਼ਰਬੰਦ ਹੈ| ਹਾਲਾਂਕਿ ਹੁਣ ਉਸ ਦੇ ਮਾਰੇ ਜਾਣ ਦੀ ਸੂਚਨਾ ਆਈ ਹੈ| ਅਮਰੀਕਾ ਦੀ ਇਸ ਘੋਸ਼ਣਾ ਦੇ ਬਾਅਦ ਸਾਊਦੀ ਅਰਬ ਨੇ ਹਮਜਾ ਬਿਨ ਲਾਦੇਨ ਦੀ ਨਾਗਰਿਕਤਾ ਰੱਦ ਕਰ ਦਿੱਤੀ ਸੀ| ਅਲ ਕਾਇਦਾ ਦੇ ਸਰਗਨਾ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਨੇ ਪਿਛਲੇ ਦਿਨੀਂ ਵਿਆਹ ਕਰ ਲਿਆ ਸੀ| ਹਮਜਾ ਨੇ ਇਹ ਵਿਆਹ ਕਿਸੇ ਹੋਰ ਨਾਲ ਨਹੀਂ ਸਗੋਂ 9/11 ਅੱਤਵਾਦੀ ਹਮਲੇ ਲਈ ਜਹਾਜ਼ ਹਾਈਜੈਕ ਕਰਨ ਵਾਲੇ ਮੁਹੰਮਦ ਅਤਾ ਦੀ ਧੀ ਨਾਲ ਕਰਵਾਇਆ ਸੀ| ਓਸਾਮਾ ਦੇ ਪਰਿਵਾਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ| ਹਮਜਾ ਬਿਨ ਲਾਦੇਨ ਓਸਾਮਾ ਦੀਆਂ ਉਨ੍ਹਾਂ 3 ਜਿਊਂਦੀਆਂ ਪਤਨੀਆਂ ਵਿੱਚੋਂ ਇਕ ਦਾ ਬੇਟਾ ਹੈ, ਜੋ ਅਮਰੀਕੀ ਅਟੈਕ ਸਮੇਂ ਉਸ ਦੇ ਨਾਲ ਐਬਟਾਬਾਦ ਵਿੱਚ ਰਹਿ ਰਹੀ ਸੀ| ਖਬਰਾਂ ਮੁਤਾਬਕ ਹਮਜਾ ਦੀ ਪਤਨੀ ਮਿਸਰ ਦੀ ਨਾਗਰਿਕ ਹੈ| ਓਸਾਮਾ ਬਿਨ ਲਾਦੇਨ ਦੇ ਮਰਨ ਤੋਂ ਬਾਅਦ ਤੋਂ ਉਸ ਦੀਆਂ ਪਤਨੀਆਂ ਤੇ ਬੱਚੇ ਸਾਊਦੀ ਅਰਬ ਵਾਪਸ ਆ ਗਏ ਸਨ, ਜਿੱਥੇ ਉਨ੍ਹਾਂ ਨੂੰ ਸਾਬਕਾ ਸ਼ਹਿਜ਼ਾਦੇ ਮੁਹੰਮਦ ਬਿਨ ਨਾਏਫ ਨੇ ਸ਼ਰਣ ਦਿੱਤੀ ਸੀ| ਓਸਾਮਾ ਦੀਆਂ ਪਤਨੀਆਂ ਅਤੇ ਉਸ ਦੇ ਬੱਚਿਆਂ ਨੇ ਲਗਾਤਾਰ ਲਾਦੇਨ ਦੀ ਮਾਂ ਆਲੀਆ ਘਾਨੇਮ ਨਾਲ ਸੰਪਰਕ ਬਣਾ ਕੇ ਰੱਖਿਆ|

VIA PUNJAB