ਅਮਿਤ ਨੇ ਆਖ਼ਰੀ ਦਿਨ ਜੜਿਆ ਸੁਨਹਿਰੀ ਮੁੱਕਾ

49 ਕਿਲੋਗ੍ਰਾਮ ਭਾਰ ਵਰਗ ਵਿੱਚ ਅਮਿਤ ਨੇ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਨੂੰ ਦਿੱਤੀ ਮਾਤ

ਜਕਾਰਤਾ – ਭਾਰਤ ਦੇ ਅਮਿਤ ਪਾਂਘਲ (22) ਨੇ ਅੱਜ ਇੱਥੇ 49 ਕਿਲੋਗ੍ਰਾਮ ਭਾਰ ਵਰਗ ਵਿੱਚ ਮੌਜੂਦਾ ਓਲੰਪਿਕ ਤੇ ਏਸ਼ਿਆਈ ਚੈਂਪੀਅਨ ਉਜ਼ਬੇਕਿਸਤਾਨ ਦੇ ਹਸਨਬਵਾਏ ਦੁਸਮਾਤੋਵ ਨੂੰ ਹਰਾ ਕੇ ਇਤਿਹਾਸ ਸਿਰਜਦਿਆਂ ਸੋਨੇ ਦਾ ਤਗ਼ਮਾ ਜਿੱਤਿਆ ਹੈ। ਇਸ ਤਰ੍ਹਾਂ ਉਹ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਵਾਲੇ ਅੱਠਵੇਂ ਭਾਰਤੀ ਮੁੱਕੇਬਾਜ਼ ਬਣ ਗਏ ਹਨ। ਅਮਿਤ ਫਾਈਨਲ ਵਿੱਚ ਪੁੱਜਣ ਵਾਲੇ ਇੱਕੋ-ਇੱਕ ਭਾਰਤੀ ਮੁੱਕੇਬਾਜ਼ ਹਨ। ਉਨ੍ਹਾਂ ਤਕੜੇ ਦਾਅਵੇਦਾਰ ਦੁਸਮਾਤੋਵ ਨੂੰ 3-2 ਨਾਲ ਹਰਾਇਆ। ਇਸ ਜਿੱਤ ਨਾਲ ਉਨ੍ਹਾਂ ਉਜ਼ਬੇਕ ਖਿਡਾਰੀ ਤੋਂ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਿਲੀ ਹਾਰ ਦਾ ਹਿਸਾਬ ਵੀ ਬਰਾਬਰ ਕਰ ਦਿੱਤਾ। ਭਾਰਤ ਨੇ 18ਵੇਂ ਏਸ਼ਿਆਈ ਖੇਡਾਂ ਵਿੱਚ ਇਕ ਸੋਨੇ ਦੇ ਅਤੇ ਇਕ ਕਾਂਸੀ ਦੇ ਤਗ਼ਮੇ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ। ਵਿਕਾਸ ਕ੍ਰਿਸ਼ਨ ਨੇ ਮਿਡਲਵੇਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲੈ ਰਹੇ ਅਮਿਤ ਨੇ ਬੇਹੱਦ ਸਟੀਕ ਤਕਨੀਕੀ ਕੌਸ਼ਲ ਦਾ ਮੁਜ਼ਾਹਰਾ ਕਰਦਿਆਂ ਵਿਰੋਧੀ ਨੂੰ ਪਸਤ ਕੀਤਾ। ਉਜ਼ਬੇਕ ਮੁੱਕੇਬਾਜ਼ ਦਾ ਆਲਮੀ ਪੱਧਰ ’ਤੇ ਪਹਿਲਾ ਸਥਾਨ ਹੈ ਪਰ ਅਮਿਤ ਦੀ ਸ਼ਾਨਦਾਰ ਰੱਖਿਆਤਮਕ ਰਣਨੀਤੀ ਅੱਗੇ ਉਸ ਦੀ ਇਕ ਨਾ ਚੱਲੀ। ਉਨ੍ਹਾਂ ਸਹੀ ਸਮੇਂ ’ਤੇ ਸਹੀ ਪੰਚ ਲਾਉਂਦਿਆਂ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ।
ਬ੍ਰਿਜ ’ਚ ਸੋਨ ਤਗ਼ਮਾ: ਪ੍ਰਣਬ ਬਰਧਨ ਤੇ ਸ਼ਿਬਨਾਥ ਸਰਕਾਰ ਨੇ ਸ਼ਨਿਚਰਵਾਰ ਨੂੰ ਪੁਰਸ਼ਾਂ ਦੇ ਦੋਹਰੇ ਬ੍ਰਿਜ ਮੁਕਾਬਲੇ ਵਿੱਚ ਸੋਨ ਤਗ਼ਮਾ ਭਾਰਤ ਦੀ ਝੋਲੀ ਪਾਇਆ ਹੈ। ਸੱਠ ਸਾਲਾ ਪ੍ਰਣਬ ਭਾਰਤੀ ਦਲ ਦੇ ਤਗ਼ਮਾ ਜਿੱਤਣ ਵਾਲੇ ਸਭ ਤੋਂ ਉਮਰਦਰਾਜ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ 56 ਸਾਲਾ ਸ਼ਿਵਨਾਥ ਨਾਲ ਮਿਲ ਕੇ ਫਾਈਨਲ ਵਿੱਚ 384 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਚੀਨ ਦੇ ਲਿਕਸਿਨ ਯਾਂਗ ਤੇ ਗਾਂਗ ਚੇਨ ਦੀ ਜੋੜੀ ਨੂੰ ਪਿੱਛੇ ਛੱਡ ਸੋਨ ਤਗ਼ਮਾ ਜਿੱਤਿਆ।

VIA PUNJAB