ਅੱਡਾ ਝਬਾਲ ‘ਚੋਂ ਦੋ ਘਰਾਂ ਵਿੱਚ ਦਿਨ-ਦਿਹਾੜੇ ਚੋਰੀ-ਲੱਖਾਂ ਰੁਪਏ ਦੇ ਗਹਿਣੇ ਤੇ ਨਗਦੀ ਚੋਰੀ

ਝਬਾਲ -ਅੱਡਾ ਝਬਾਲ ਅਤੇ ਆਸ-ਪਾਸ ਦੇ ਇਲਾਕੇ ਵਿੱਚੋਂ ਚੋਰੀਆਂ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਹੋਣੀਆਂ ਇੱਕ ਆਮ ਜਿਹੀ ਗੱਲ ਹੋ ਗਈ ਹੈ ਬੀਤੇ ਦਿਨ ਹੀ ਇੱਕ ਕਾਲਜ ਦੀ ਲੜਕੀ ਕੋਲੋਂ ਦਿਨ ਦਿਹਾੜੇ ਪਰਸ ਖੋਹ ਰਹੇ ਦੋ ਲੁਟੇਰਿਆਂ ਨੂੰ ਲੜਕੀ ਅਤੇ ਆਸ ਪਾਸ ਦੇ ਲੋਕਾਂ ਵਲੋਂ ਫੜ੍ਹ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਇਸ ਗੱਲ ਨੂੰ ਅਜੇ ਸਿਰਫ 24 ਘੰਟੇ ਵੀ ਨਹੀਂ ਬੀਤੇ ਕਿ ਅੱਜ ਅੱਡਾ ਝਬਾਲ ਵਿੱਚੋਂ ਦਿਨ-ਦਿਹਾੜੇ ਦੋ ਘਰਾਂ ਵਿੱਚੋਂ ਚੋਰੀ ਹੋਣ ਦਾ ਸਮਾਚਾਰ ਪਾ੍ਰਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਸਟਰ ਦਰਸ਼ਨ ਲਾਲ ਵਾਸੀ ਅੱਡਾ ਝਬਾਲ ਨੇ ਆਪਣੇ ਘਰ ਦੀਆਂ ਟੁੱਟੀਆਂ ਹੋਈਆਂ ਅਲਮਾਰੀਆਂ ਦਿਖਾਉਂਦੇ ਹੋਏ ਕਿਹਾ ਕਿ ਉਹ ਦੁਪਹਿਰ ਦੇ ਕਰੀਬ 11:30 ਤੋਂ ਬਾਦ ਘਰੋਂ ਬਜ਼ਾਰ ਵਿੱਚੋਂ ਸਬਜ਼ੀ ਲੈਣ ਲਈ ਗਿਆ ਸੀ ਤੇ ਕਰੀਬ 1:25 ਤੇ ਘਰ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਬਾਹਰ ਵਾਲੇ ਦਰਵਾਜ਼ੇ ਦਾ ਅੰਦਰੋਂ ਕੁੰਡਾ ਲੱਗਾ ਹੋਇਆ ਸੀ ਜਦ ਕਿ ਉਹ ਦਰਵਾਜ਼ੇ ਨੂੰ ਬਾਹਰੋਂ ਤਾਲਾ ਲਗਾ ਕੇ ਗਿਆ ਸੀ।ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਗੁਆਂਢ ਰਹਿੰਦੇ ਲੜਕੇ ਨੂੰ ਬੁਲਾ ਕੇ ਅੰਦਰੋਂ ਕੁੰਡਾ ਖੋਲ੍ਹਣ ਲਈ ਕਿਹਾ ਤੇ ਜਦ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਵਿਚਲੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਸਮਾਨ ਖਿੱਲਰਿਆ ਪਿਆ ਸੀ ਤੇ ਉਸ ਦੀ ਪਤਨੀ ਜੋ ਕਿ ਰੈੱਡ ਰੋਸ ਸਕੂਲ ਵਿੱਚ ਅਧਿਆਪਕ ਲੱਗੀ ਹੋਈ ਹੈ ਤੇ ਸਕੂਲ ਦੀਆਂ ਫੀਸਾਂ ਦੇ ਪੈਸੇ ਉਸ ਦੀ ਅਲਮਾਰੀ ਵਿੱਚ ਰੱਖੇ ਹੋਏ ਸਨ ਜੋ ਕਿ 60 ਹਜ਼ਾਰ ਦੀ ਨਗਦੀ ਸੀ।ਅਤੇ ਸਾਢੇ ਚਾਰ ਤੋਲੇ ਦੇ ਗਹਿਣੇ ਵੀ ਚੋਰਾਂ ਵਲੋਂ ਉਡਾ ਦਿੱਤੇ ਗਏ ਸਨ।ਅਤੇ ਘਰ ਦੀ ਛੱਤ ਵਾਲੇ ਕਮਰੇ ਵਿੱਚ ਬਣੀ ਅਲਮਾਰੀ ਵਿੱਚ ਉਸ ਨੇ ਖੁਦ ਦੇ 40 ਹਜ਼ਾਰ ਰੁਪਏ ਰੱਕੇ ਹੋਏ ਸਨ ਜੋ ਕਿ ਚੋਰ ਲਏ ਗਏ ਇਸੇ ਤਰਾਂ ਹੀ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਹੀ ਦੂਰ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰੋਂ ਵੀ ਕਰੀਬ 15 ਹਜ਼ਾਰ ਰੁਪਏ ਦੀ ਨਗਦੀ ਅਤੇ ਅੱਧੇ ਤੋਲੇ ਦੇ ਟੌਪਸ ਉਨ੍ਹਾਂ ਦੀ ਅਲਮਾਰੀ ਵਿੱਚੋਂ ਚੋਰੀ ਕਰ ਲਏ ਗਏ ਸਨ।ਜਿਸ ਦੀ ਦਰਖਾਸਤ ਥਾਣਾ ਝਬਾਲ ਵਿੱਚ ਦੇ ਦਿੱਤੀ ਗਈ ਹੈ।ਮੌਕੇ ਤੇ ਪਹੁੰਚੇ ਥਾਣਾ ਝਬਾਲ ਦੇ ਮੁੱਖੀ ਇੰਸ: ਪ੍ਰਭਜੀਤ ਸਿੰਘ ਤੇ ਸਬ-ਇੰਸ: ਜਸਬੀਰ ਸਿੰਘ ਨੇ ਕਿਹਾ ਕਿ ਪੀੜ੍ਹਿਤ ਪਰਿਵਾਰਾਂ ਦੀ ਸ਼ਿਕਾਇਤ ਤੇ ਫਿੰਗਰ ਪ੍ਰਿੰਟ ਐਕਸਪਰਟ ਬੁਲਾ ਕੇ ਤਫਤੀਸ਼ ਕੀਤੀ ਜਾਵੇਗੀ ਤੇ ਜਲਦੀ ਹੀ ਚੋਰਾਂ ਨੂੰ ਫੜ੍ਹ ਲਿਆ ਜਾਵੇਗਾ। ਇਸ ਸਬੰਧ ਵਿੱਚ ਡੀ.ਐਸ.ਪੀ (ਸਿਟੀ) ਸੁੱਚਾ ਸਿੰਘ ਬੱਲ ਨਾਲ ਸੰਪਰਕ ਕਰਨਾ ਚਾਇਆ ਤਾਂ ਉਨ੍ਹਾਂ ਵਲੋਂ ਫੋਨ ਹੀ ਨਹੀਂ ਚੁੱਕਿਆ ਗਿਆ।

VIA PUNJAB