ਇੰਗਲੈਂਡ ਹੂੰਝਾ ਫੇਰ ਜਿੱਤ ਤੋਂ ਛੇ ਕਦਮ ਦੂਰ

ਕੋਲੰਬੋ – ਮੋਈਨ ਅਲੀ ਵੱਲੋਂ ਲਈਆਂ ਦੋ ਵਿਕਟਾਂ ਦੀ ਮਦਦ ਨਾਲ ਇੰਗਲੈਂਡ ਨੇ ਅੱਜ ਮੇਜ਼ਬਾਨ ਸ੍ਰੀਲੰਕਾ ਦੇ ਸਿਖਰਲੇ ਕ੍ਰਮ ਦਾ ਲਕ ਤੋੜਦਿਆਂ ਤੀਜੇ ਤੇ ਆਖਰੀ ਟੈਸਟ ਕ੍ਰਿਕਟ ਮੈਚ ਵਿੱਚ ਜਿੱਤ ਤੇ ਲੜੀ ਵਿੱਚ ਹੂੰਝਾ ਫੇਰਨ ਵੱਲ ਪੇਸ਼ਕਦਮੀ ਕਰ ਲਈ ਹੈ। ਸ੍ਰੀਲੰਕਾ 327 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਚਾਰ ਵਿਕਟਾਂ ਦੇ ਨੁਕਸਾਨ ਨਾਲ 53 ਦੌੜਾਂ ਬਣਾ ਲਈਆਂ ਸਨ। ਮੇਜ਼ਬਾਨ ਟੀਮ ਜੇਤੂ ਟੀਚੇ ਤੋਂ ਅਜੇ ਵੀ 274 ਦੌੜਾਂ ਪਿੱਛੇ ਹੈ। ਸਪਿੰਨਰਾਂ ਲਈ ਮੁਆਫ਼ਿਕ ਪਿੱਚ ’ਤੇ ਮੋਈਨ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਤੇ ਸਲਾਮੀ ਬੱਲੇਬਾਜ਼ਾਂ ਧਨੁਸ਼ਕਾ ਗੁਣਤਿਲਕਾ(6) ਤੇ ਦਿਮੁਥ ਕਰੁਣਾਰਤਨੇ(23) ਨੂੰ ਮੈਦਾਨ ਤੋਂ ਬਾਹਰ ਦਾ ਰਾਹ ਵਿਖਾਇਆ। ਦੂਜੇ ਪਾਸੇ ਜੈਕ ਲੀਚ ਨੇ ਧਨੰਜੈ ਡੀਸਿਲਵਾ ਨੂੰ ਖਾਤਾ ਵੀ ਖੋਲ੍ਹਣ ਨਹੀਂ ਦਿੱਤਾ ਜਦੋਂਕਿ ਬੈੱਨ ਸਟੋਕਸ ਨੇ ਸਟੂਅਰਟ ਬਰੌਡ ਦੀ ਗੇਂਦ ’ਤੇ ਏਂਜਲੋ ਮੈਥਿਊਜ਼ ਦਾ ਕੈਚ ਫੜਿਆ। ਖੇਡ ਸਮਾਪਤੀ ਮੌਕੇ ਕੁਸ਼ਲ ਮੈਂਡਿਸ 15 ਤੇ ਲਕਸ਼ਣ ਸੰਦਾਕਨ ਇਕ ਦੌੜ ਨਾਲ ਨਾਬਾਦ ਸਨ। ਇਸ ਤੋਂ ਪਹਿਲਾਂ ਇੰਗਲੈਂਡ ਨੇ ਦੁੂਜੀ ਪਾਰੀ ਵਿੱਚ 39/4 ਦੇ ਸਕੋਰ ਤੋਂ ਉਭਰਦਿਆਂ 230 ਦੌੜਾਂ ਦਾ ਸਕੋਰ ਬਣਾਇਆ। ਮਹਿਮਾਨ ਟੀਮ ਲਈ ਜੋਸ ਬਟਲਰ ਨੇ ਸਭ ਤੋਂ ਵੱਧ 64 ਦੌੜਾਂ ਬਣਾਈਆਂ ਜਦੋਂਕਿ ਸਟੋਕਸ ਤੇ ਬੈੱਨ ਫੌਕਸ ਨੇ ਕ੍ਰਮਵਾਰ 42 ਤੇ 36 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਲਈ ਦਿਲਰੁਵਾਨ ਪਰੇਰਾ ਨੇ 88 ਦੌੜਾਂ ਬਦਲੇ ਪੰਜ ਅਤੇ ਮਾਲਿੰਦਾ ਪੁਸ਼ਪਕੁਮਾਰ ਨੇ 28 ਦੌੜਾਂ ਦੇ ਕੇ ਤਿੰਨ ਵਿਕਟ ਲਏ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ 336 ਅਤੇ ਸ੍ਰੀਲੰਕਾ ਨੇ 240 ਦੌੜਾਂ ਬਣਾਈਆਂ ਸਨ।

VIA PUNJAB