ਈਰਾਨ ਨਾਲ ਬਿਨਾਂ ਸ਼ਰਤ ਦੇ ਗੱਲ ਕਰਨ ਲਈ ਤਿਆਰ ਅਮਰੀਕਾ

ਵਾਸ਼ਿੰਗਟਨ – ਈਰਾਨ ਨਾਲ ਲਗਾਤਾਰ ਤਣਾਅਪੂਰਣ ਸਬੰਧਾਂ ਮਗਰੋਂ ਹੁਣ ਅਮਰੀਕਾ ਦੇ ਵਿਵਹਾਰ ‘ਚ ਬਦਲਾਅ ਦੇਖਣ ਨੂੰ ਮਿਲਿਆ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਬਿਨਾ ਪਹਿਲੀਆਂ ਸ਼ਰਤਾਂ ਦੇ ਈਰਾਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਸਵਿਟਜ਼ਰਲੈਂਡ ‘ਚ ਵਿਦੇਸ਼ ਮੰਤਰੀ ਨਾਲ ਪੱਤਰਕਾਰ ਸੰਮੇਲਨ ‘ਚ ਪੋਂਪੀਓ ਨੇ ਇਹ ਬਿਆਨ ਦਿੱਤਾ। ਇਸ ਤੋਂ ਪਹਿਲੇ ਹਫਤੇ ਖੁਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਸੀ ਕਿ ਇਹ ਬਿਨਾਂ ਸੱਤਾ ਪਰਿਵਰਤਨ ਦੇ ਈਰਾਨੀ ਅਗਵਾਈ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਪਹਿਲਾਂ ਪੋਂਪੀਓ ਨੇ ਸਖਤ ਵਿਵਹਾਰ ਦਿਖਾਇਆ ਸੀ ਪਰ ਹੁਣ ਉਨ੍ਹਾਂ ਨੇ ਨਰਮ ਢੰਗ ਨਾਲ ਇਸ ਬਾਰੇ ਗੱਲ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ,”ਅਸੀਂ ਬਿਨਾ ਪਹਿਲੀਆਂ ਸ਼ਰਤਾਂ ਦੇ ਗੱਲਬਾਤ ਕਰਨ ਲਈ ਤਿਆਰ ਹਾਂ। ਹਾਲਾਂਕਿ ਈਰਾਨ ਦੀਆਂ ਗਲਤ ਗਤੀਵਿਧੀਆਂ ਦੇ ਖਿਲਾਫ ਅਮਰੀਕਾ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੇ।” ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਜਦ ਤਕ ਈਰਾਨ ਅਮਰੀਕਾ ਦੀਆਂ ਦਰਜਨ ਭਰ ਮੰਗਾਂ ਦਾ ਪਾਲਣ ਨਹੀਂ ਕਰੇਗਾ, ਤਦ ਤਕ ਉਸ ‘ਤੇ ਰੋਕਾਂ ਨਹੀਂ ਹਟਾਈਆਂ ਜਾਣਗੀਆਂ। ਇਸ ਦੇ ਉਲਟ ਹੁਣ ਉਸ ਦਾ ਕਹਿਣਾ ਹੈ ਕਿ ਅਮਰੀਕਾ ਦੀਆਂ ਇਹ ਮੰਗਾਂ ਪਹਿਲੀਆਂ ਸ਼ਰਤਾਂ ਦੀ ਥਾਂ ਆਪਸੀ ਗੱਲਬਾਤ ਦਾ ਹਿੱਸਾ ਹੋ ਸਕਦੀਆਂ ਹਨ। ਓਧਰ ਈਰਾਨ ਦੀ ਅਗਵਾਈ ਇਨ੍ਹਾਂ ਮੰਗਾਂ ਨੂੰ ਖਾਰਜ ਕਰਦੀ ਰਹੀ ਹੈ।

VIA PUNJAB