ਕੋਹਲੀ ਦੀ ਟੀਮ ਤੋਂ ਖੌਫ਼ਜ਼ਦਾ ਹੈ ਪਾਕਿਸਤਾਨ: ਵੱਕਾਰ

ਮੈਨਚੈਸਟਰ – ਪਾਕਿਸਤਾਨ ਦੇ ਸਾਬਕਾ ਕਪਤਾਨ ਵੱਕਾਰ ਯੂਨਿਸ ਦਾ ਮੰਨਣਾ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ ਮੌਜੂਦਾ ਭਾਰਤੀ ਟੀਮ ਤੋਂ ਖ਼ੌਫਜ਼ਦਾ ਹੈ, ਜਿਸ ਕਾਾਰਨ ਉਹ ਵੱਡੇ ਮੈਚਾਂ ਵਿੱਚ ਹਮੇਸ਼ਾ ਦਬਾਅ ਵਿੱਚ ਰਹਿੰਦੀ ਹੈ। ਭਾਰਤ ਨੇ ਬੀਤੇ ਐਤਵਾਰ ਨੂੰ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਪਾਕਿਸਤਾਨ ਨੂੰ ਡਕਵਰਥ ਲੂਈਸ ਨਿਯਮ ਤਹਿਤ 89 ਦੌੜਾਂ ਨਾਲ ਸ਼ਿਕਸਤ ਦੇ ਕੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ਵਿੱਚ ਉਸ ਖ਼ਿਲਾਫ਼ ਸੱਤਵੀਂ ਜਿੱਤ ਦਰਜ ਕੀਤੀ ਸੀ। ਵੱਕਾਰ ਨੇ ਕਿਹਾ ਕਿ ਇਸ ਹਾਰ ਕਾਰਨ ਦੋਵਾਂ ਟੀਮਾਂ ਵਿਚਾਲੇ ‘ਵੱਡੇ ਫ਼ਰਕ’ ਦਾ ਪਤਾ ਚੱਲਦਾ ਹੈ। ਵੱਕਾਰ ਨੇ ਆਈਸੀਸੀ ਲਈ ਲਿਖੇ ਕਾਲਮ ਵਿੱਚ ਕਿਹਾ, ‘‘ਬੀਤੇ ਕੁੱਝ ਸਾਲਾਂ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿੱਚ ਵੱਡਾ ਫ਼ਰਕ ਆਇਆ ਹੈ ਅਤੇ ਐਤਵਾਰ ਨੂੰ ਇਹ ਇੱਕ ਵਾਰ ਫਿਰ ਇੱਥੇ ਓਲਡ ਟ੍ਰੈਫਰਡ ਮੈਦਾਨ ’ਤੇ ਦਿਸਿਆ।’’ ਵੱਕਾਰ ਨੇ ਅੱਗੇ ਲਿਖਿਆ, ‘‘90 ਦੇ ਦਹਾਕੇ ਵਿੱਚ ਸਾਡੀ ਟੀਮ ਮਜ਼ਬੂਤ ਹੁੰਦੀ ਸੀ, ਪਰ ਮੈਨੂੰ ਲਗਦਾ ਹੈ ਕਿ ਹੁਣ ਪਾਕਿਸਤਾਨ ਭਾਰਤ ਤੋਂ ਖ਼ੌਫ ਖਾਂਦਾ ਹੈ। ਪਾਕਿਸਤਾਨ ਦੀ ਟੀਮ ਜਦੋਂ ਵੀ ਅਜਿਹੇ ਮੈਚਾਂ ਵਿੱਚ ਜਾਂਦੀ ਹੈ ਤਾਂ ਉਹ ਦਬਾਅ ਵਿੱਚ ਰਹਿੰਦੀ ਹੈ ਅਤੇ ਲਗਦਾ ਹੈ ਕਿ ਉਹ ਕਮਜ਼ੋਰ ਟੀਮ ਹੈ।’’ ਵੱਕਾਰ ਨੇ ਕਿਹਾ ਕਿ ਭਾਰਤ ਨੂੰ ਚੁਣੌਤੀ ਦੇਣ ਲਈ ਪਾਕਿਸਤਾਨ ਨੂੰ ਆਪਣੀ ਫਿੱਟਨੈੱਸ ਵਿੱਚ ਸੁਧਾਰ ਕਰਨਾ ਹੋਵੇਗਾ। ਵੱਕਾਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਨ ਲਈ ਸਰਫ਼ਰਾਜ਼ ਨੂੰ ਫਟਕਾਰ ਲਾਉਂਦਿਆਂ ਕਿਹਾ ਕਿ ਟੀਮ ਨੂੰ ਜ਼ਿਆਦਾ ਨਿਰਾਸ਼ਾ ਉਸ ਦੀ ਗੇਂਦਬਾਜ਼ੀ ਤੋਂ ਹੋਈ।

VIA PUNJAB