ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਕਵੀ ਦਰਬਾਰ ਸਜਾਇਆ

ਗੁਰਬਖਸ਼ ਸਿੰਘ ਜੁਨੇਜਾ ਤੇ ਸੁਰਿੰਦਰ ਸਿੰਘ ਸੂੰਨੜ ਨੂੰ ਕੀਤਾ ਸਨਮਾਨਿਤ

ਜਲੰਧਰ – ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਸਬੰਧੀ 50 ਦੀਵਾਨਾਂ ਦੀ ਲੜੀ ਵਿੱਚ 11ਵੇਂ ਦੀਵਾਨ ਨੂੰ ਕਵੀ ਦਰਬਾਰ ਦੇ ਰੂਪ ਵਿੱਚ ਮਨਾਇਆ ਗਿਆ। ਸੰਗਤਾਂ ਦਾ ਭਾਰੀ ਇਕੱਠ ਸੀ। ਸ. ਜੋਗਿੰਦਰ ਸਿੰਘ ਕੰਗ ਅਤੇ ਬੀਬੀ ਗੁਰਚਰਨ ਕੌਰ ਕੋਚਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਲੁਧਿਆਣਾ ਨਿਵਾਸੀਆਂ ਨੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਨਾਲ ਸੰਗਤਾਂ ਨੂੰ ਗੁਰੂ ਜਸ ਸੁਣਾਇਆ। ਇਸੇ ਤਰ੍ਹਾਂ ਸ. ਗੁਰਦੀਪ ਸਿੰਘ ਔਲਖ ਗੁਰਦਾਸਪੁਰ ਅਤੇ ਪ੍ਰੋ. ਦਲਬੀਰ ਸਿੰਘ ਰਿਆੜ ਨੇ ਵੀ ਆਣੀਆਂ ਮਨੋਹਰ ਰਚਨਾਵਾਂ ਸੁਣਾਈਆਂ। ਪੰਜਾਬ ਦੇ ਰਫ਼ੀ ਰਛਪਾਲ ਸਿੰਘ ਪਾਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਅਤੇ ਨਾਲ ਹੀ ਸਟੇਜ ਦੀ ਸੇਵਾ ਵੀ ਬਾਖੂਬੀ ਨਿਭਾਈ। ਇਸ ਅਵਸਰ ’ਤੇ ਸ. ਗੁਰਬਖਸ਼ ਸਿੰਘ ਜੁਨੇਜਾ ਸੀਨੀਅਰ ਮੀਤ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਅਤੇ ਅਮਰੀਕਾ ਤੋਂ ਆਏ ਪੰਜਾਬੀ ਵਿਦਵਾਨ ਸ. ਸੁਰਿੰਦਰ ਸਿੰਘ ਸੂੰਨੜ ਨੂੰ ਸੰਗਤ ਵੱਲੋਂ ਸ. ਜਸਵਿੰਦਰ ਸਿੰਘ ਮੱਕੜ ਸਰਪ੍ਰਸਤ ਗੁ. ਪ੍ਰਬੰਧਕ ਕਮੇਟੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਪਤੀ ਉਪਰੰਤ ਸ. ਬੇਅੰਤ ਸਿੰਘ ਸਰਹੱਦੀ ਪ੍ਰਧਾਨ ਨੇ ਆਈ ਸੰਗਤ ਅਤੇ ਸ਼ਾਇਰਾਂ ਦਾ ਸਨਮਾਨ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।

VIA PUNJAB