ਤਕਰੀਬਨ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਇਆ ਗਿਆ

ਵਾਸ਼ਿੰਗਟਨ – ਅਮਰੀਕਾ ਦੇ ਇਕ ਕੱਦਾਵਰ ਸੰਸਦ ਮੈਂਬਰ ਨੇ ਦੋਸ਼ ਲਗਾਇਆ ਹੈ ਕਿ ਤਕਰੀਬਨ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਇਆ ਗਿਆ ਹੈ। ਨਾਲ ਹੀ, ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਤੋਂ ਉਨ੍ਹਾਂ ਬੱਚਿਆਂ ਨੂੰ ਵਾਪਸ ਲਿਆਉਣ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੌਮਾਂਤਰੀ ਬਾਲ ਅਗਵਾ ਦੀ ਜਾਂਚ ‘ਤੇ ਸੁਣਵਾਈ ਦੌਰਾਨ ਸਦਨ ਦੀ ਵਿਦੇਸ਼ ਮਾਮਲਿਆਂ ਦੀ ਉਪ ਕਮੇਟੀ ਵਿਚ ਪਰਿਵਾਰਕ ਮੈਂਬਰਾਂ ਨੇ ਆਪਣੇ ਬੱਚਿਆਂ ਦੇ ਅਗਵਾ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਬੱਚਿਆਂ ਦੇ ਮਿਲਣ ਦੀ ਉਮੀਦ ਵਿਚ ਚੁੱਕੇ ਗਏ ਕਦਮਾਂ ਦੀ ਵੀ ਜਾਣਕਾਰੀ ਦਿੱਤੀ। ਸੰਸਦ ਮੈਂਬਰ ਕ੍ਰਿਸ ਸਮਿਥ ਨੇ ਕਿਹਾ ਕਿ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਇਆ ਗਿਆ। ਜਦੋਂ ਤੱਕ ਅਮਰੀਕਾ ਅਸਲ ਕਾਰਵਾਈ ਦਾ ਫੈਸਲਾ ਨਹੀਂ ਕਰਦਾ, ਜਿਵੇਂ ਕਿ ਅਗਵਾ ਅਮਰੀਕੀ ਬੱਚਿਆਂ ਦੀ ਵਾਪਸੀ ਤੱਕ ਭਾਰਤੀ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ ਵੀਜ਼ਾ ਦੀ ਗਿਣਤੀ ਨੂੰ ਘੱਟ ਕਰਨਾ, ਉਦੋਂ ਤੱਕ ਉਨ੍ਹਾਂ ਦੇ ਪਰਤਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੂੰ ਅਗਵਾ ਅਮਰੀਕੀ ਬੱਚਿਆਂ ਨੂੰ ਵਾਪਸ ਲਿਆਉਣ ਲਈ ਯਕੀਨੀ ਤੌਰ ‘ਤੇ ਮੌਜੂਦਾ ਕਾਨੂੰਨ ਦਾ ਜ਼ਿਆਦਾ ਹਮਲਾਵਰ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ।

VIA PUNJAB