ਤੀਜੇ ਕ੍ਰਿਕਟ ਟੈਸਟ ਵਿੱਚ ਭਾਰਤ 203 ਦੌੜਾਂ ਨਾਲ ਜੇਤੂ

ਨਾਟਿੰਘਮ – ਭਾਰਤ ਨੇ ਇੰਗਲੈਂਡ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਵਿੱਚ ਜਿੱਤ ਦੀ ਰਸਮ ਪੰਜਵੇਂ ਅਤੇ ਆਖ਼ਰੀ ਦਿਨ ਅੱਜ ਸਵੇਰੇ ਪੂਰੀ ਕਰਦਿਆਂ ਇਹ ਮੈਚ 203 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਲਿਆ। ਭਾਰਤ ਪੰਜ ਮੈਚਾਂ ਦੀ ਲੜੀ ਵਿੱਚ ਹਾਲੇ ਵੀ ਮੇਜ਼ਬਾਨ ਟੀਮ ਤੋਂ 1-2 ਨਾਲ ਪੱਛੜ ਰਿਹਾ ਹੈ। ਭਾਰਤ ਦੀ ਨਾਟਿੰਘਮ ਦੇ ਟ੍ਰੈਂਟ ਬ੍ਰਿਜ ਮੈਦਾਨ ’ਤੇ ਪਿਛਲੇ 59 ਸਾਲਾਂ ਵਿੱਚ ਇਹ ਦੂਜੀ ਜਿੱਤ ਹੈ। ਭਾਰਤ ਨੇ ਇੰਗਲੈਂਡ ਸਾਹਮਣੇ 521 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ। ਇੰਗਲੈਂਡ ਨੇ ਕੱਲ੍ਹ ਨੌਂ ਵਿਕਟਾਂ ’ਤੇ 311 ਦੌੜਾਂ ਬਣਾ ਕੇ ਭਾਰਤ ਦੀ ਜਿੱਤ ਦੀ ਉਡੀਕ ਲੰਮੀ ਕਰ ਦਿੱਤੀ ਸੀ। ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਆਖ਼ਰੀ ਬੱਲੇਬਾਜ਼ ਜੇਮਜ਼ ਐਂਡਰਸਨ ਨੂੰ ਅਜਿੰਕਿਆ ਰਹਾਣੇ ਹੱਥੋਂ ਕੈਚ ਕਰਵਾ ਕੇ ਇੰਗਲੈਂਡ ਦੀ ਪਾਰੀ 104.5 ਓਵਰ ਵਿੱਚ 317 ਦੌੜਾਂ ’ਤੇ ਖ਼ਤਮ ਕਰ ਦਿੱਤੀ। ਇਸ ਦੇ ਨਾਲ ਹੀ ਭਾਰਤ ਨੇ ਲੜੀ ਵਿੱਚ ਮਜ਼ਬੂਤ ਵਾਪਸੀ ਕਰ ਲਈ।ਭਾਰਤ ਦੀ ਇੰਗਲੈਂਡ ਦੀ ਧਰਤੀ ’ਤੇ ਦੌੜਾਂ ਦੇ ਲਿਹਾਜ਼ ਨਾਲ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਨੇ ਇਸ ਤੋਂ ਪਹਿਲਾਂ ਜੂਨ 1996 ਵਿੱਚ ਲੀਡਜ਼ ਵਿੱਚ ਇੰਗਲੈਂਡ ਨੂੰ 279 ਦੌੜਾਂ ਨਾਲ ਹਰਾਇਆ ਸੀ। ਭਾਰਤ ਦੀ ਟ੍ਰੈਂਟ ਬ੍ਰਿਜ ’ਤੇ ਆਖ਼ਰੀ ਜਿੱਤ ਜੁਲਾਈ 2007 ਵਿੱਚ ਸੀ, ਜਦੋਂ ਭਾਰਤ ਸੱਤ ਵਿਕਟਾਂ ਨਾਲ ਜਿੱਤਿਆ ਸੀ। ਭਾਰਤ ਨੇ ਜੂਨ 1959 ਵਿੱਚ ਪਹਿਲੀ ਵਾਰ ਟ੍ਰੈਂਟ ਬ੍ਰਿਜ ਵਿੱਚ ਮੁਕਾਬਲਾ ਖੇਡਿਆ ਸੀ ਅਤੇ ਉਸ ਮਗਰੋਂ ਇਸ ਮੈਦਾਨ ’ਤੇ ਉਸ ਨੇ ਆਪਣੀ ਦੂਜੀ ਜਿੱਤ ਦਰਜ ਕੀਤੀ।ਪਹਿਲੇ ਦੋ ਟੈਸਟ ਕ੍ਰਮਵਾਰ 31 ਦੌੜਾਂ ਅਤੇ ਪਾਰੀ ਤੇ 159 ਦੌੜਾਂ ਨਾਲ ਗੁਆਉਣ ਮਗਰੋਂ ਕਿਸੇ ਨੂੰ ਭਾਰਤੀ ਟੀਮ ਤੋਂ ਅਜਿਹੀ ਵਾਪਸੀ ਦੀ ਉਮੀਦ ਨਹੀਂ ਸੀ। ਭਾਰਤ ਨੂੰ ਪੰਜਵੇਂ ਦਿਨ ਸਵੇਰੇ ਖੇਡ ਸ਼ੁਰੂ ਹੋਣ ਮਗਰੋਂ ਇੰਗਲੈਂਡ ਦੀ ਪਾਰੀ ਨੂੰ ਆਊਟ ਕਰਨ ਵਿੱਚ 17 ਗੇਂਦਾਂ ਸੁੱਟਣੀਆਂ ਪਈਆਂ। ਅਸ਼ਵਿਨ ਨੇ ਐਂਡਰਸਨ ਨੂੰ ਆਊਟ ਕਰਕੇ ਇਸ ਮੈਚ ਵਿੱਚ ਆਪਣੀ ਪਹਿਲੀ ਵਿਕਟ ਹਾਸਲ ਕੀਤੀ।ਆਦਿਲ ਰਾਸ਼ਿਦ 64 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 33 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤ ਇਸ ਮੈਚ ਨੂੰ ਕੱਲ੍ਹ ਹੀ ਸਮੇਟ ਸਕਦਾ ਸੀ, ਪਰ ਰਾਸ਼ਿਦ ਅਤੇ ਐਂਡਰਸਨ ਇਹ ਮੁਕਾਬਲਾ ਅਗਲੇ ਦਿਨ ਤੱਕ ਖਿੱਚ ਕੇ ਲੈ ਗਏ। ਇੰਗਲੈਂਡ ਦੀ ਦੂਜੀ ਪਾਰੀ ਵਿੱਚ ਜਸਪ੍ਰੀਤ ਬੁਮਰਾਹ ਨੇ 85 ਦੌੜਾਂ ਦੇ ਪੰਜ ਵਿਕਟਾਂ ਲੈ ਕੇ ਸਰਵੋਤਮ ਪ੍ਰਦਰਸ਼ਨ ਕੀਤਾ। ਇਸ਼ਾਂਤ ਸ਼ਰਮਾ ਨੇ 70 ਦੌੜਾਂ ਦੇ ਕੇ ਦੋ ਵਿਕਟਾਂ, ਜਦਕਿ ਅਸ਼ਵਿਨ, ਮੁਹੰਮਦ ਸ਼ਮੀ ਅਤੇ ਹਾਰਦਿਕ ਪੰਡਿਆ ਨੇ ਇੱਕ-ਇੱਕ ਵਿਕਟ ਲਈ।

VIA PUNJAB