ਰਾਸ਼ਟਰਪਤੀ ਟਰੰਪ ਦਾ ਸਾਬਕਾ ਵਕੀਲ ਮਾਈਕਲ ਕੋਹੇਨ ਦੋਸ਼ੀ ਕਰਾਰ

ਨਿਊ ਯਾਰਕ – ਅਮਰੀਕੀ ਸਦਰ ਡੋਨਲਡ ਟਰੰਪ ਦੇ ਸਾਬਕਾ ਨਿੱਜੀ ਅਟਾਰਨੀ ਮਾਈਕਲ ਕੋਹੇਨ ਨੂੰ ਅੱਠ ਅਪਰਾਧਿਕ ਧਾਰਾਵਾਂ ਤਹਿਤ ਦੋਸ਼ੀ ਪਾਇਆ ਗਿਆ ਹੈ। ਕੋਹੇਨ ਨੇ ਕਬੂਲ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਸਾਲ 2016 ਵਿੱਚ ਚੋਣ ਮੁਹਿੰਮ ਦੌਰਾਨ ਦੋ ਮਹਿਲਾਵਾਂ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਕਿਹਾ ਸੀ ਤਾਂ ਕਿ ਉਹ ਟਰੰਪ ਨਾਲ ਆਪਣੇ ਸਬੰਧਾਂ ਬਾਰੇ ਜਨਤਕ ਤੌਰ ’ਤੇ ਮੂੰਹ ਨਾ ਖੋਲ੍ਹਣ। ਕੋਹੇਨ ਦੇ ਇਸ ਕਬੂਲਨਾਮੇ ਨਾਲ ਅਮਰੀਕਾ ਦੇ ਅਟਾਰਨੀ ਦਫ਼ਤਰ ਵੱਲੋਂ ਵਿੱਢੀ ਮਹੀਨਿਆਂਬੱਧੀ ਜਾਂਚ ਦਾ ਭੋਗ ਪੈ ਗਿਆ ਹੈ। ਕੋਹੇਨ ਨੂੰ ਇਨ੍ਹਾਂ ਦੋਸ਼ਾਂ ਤਹਿਤ 65 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ। ਜੱਜ ਵੱਲੋਂ ਸਜ਼ਾ 12 ਦਸੰਬਰ ਨੂੰ ਸੁਣਾਈ ਜਾਵੇਗੀ। ਉਂਜ ਕੋਹੇਨ ਦੇ ਇਸ ਬਿਆਨ ਨਾਲ ਰਾਸ਼ਟਰਪਤੀ ਟਰੰਪ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਤੇ ਅਮਰੀਕੀ ਸਦਰ ਸੰਘੀ ਅਪਰਾਧ ਤਹਿਤ ਫਸ ਸਕਦੇ ਹਨ। ਟਰੰਪ ਨੇ ਮਹਿਲਾਵਾਂ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕੀਤਾ ਸੀ। ‘ਨਿਊ ਯਾਰਕ ਟਾਈਮਜ਼’ ਦੀਆਂ ਰਿਪੋਰਟਾਂ ਮੁਤਾਬਕ ਕੋਹੇਨ ਨੇ ਮੈਨਹਟਨ ਦੀ ਅਮਰੀਕੀ ਜ਼ਿਲ੍ਹਾ ਕੋਰਟ ਵਿੱਚ ਜੱਜ ਨੂੰ ਕਿਹਾ ਕਿ ਮਹਿਲਾਵਾਂ ਨੂੰ ਅਦਾਇਗੀਆਂ ਸੰਘੀ ਦਫ਼ਤਰ ਲਈ ਉਮੀਦਵਾਰ ਦੀ ਹਦਾਇਤ ਤੇ ਸਹਿਯੋਗ ਨਾਲ ਕੀਤੀਆਂ ਗਈਆਂ ਸਨ।ਹਾਲਾਂਕਿ ਕੇਸ ਦੀ ਸੁਣਵਾਈ ਦੌਰਾਨ ਟਰੰਪ ਨੂੰ ਕਿਤੇ ਵੀ ਨਾਂ ਨਾਲ ਨਹੀਂ ਸੱਦਿਆ ਗਿਆ, ਕੋਰਟ ਦੀਆਂ ਫਾਈਲਾਂ ਵਿੱਚ ਉਨ੍ਹਾਂ ਦਾ ਹਵਾਲਾ ਇਕ ਨੰਬਰ ਵਜੋਂ ਦਿੱਤਾ ਗਿਆ ਹੈ, ਜੋ ਜਨਵਰੀ 2017 ਵਿੱਚ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਸੀ। ਕੋਹੇਨ ਨੂੰ ਜਿਨ੍ਹਾਂ ਅਪਰਾਧਿਕ ਧਾਰਾਵਾਂ ਤਹਿਤ ਦੋੋਸ਼ੀ ਪਾਇਆ ਗਿਆ ਹੈ, ਉਨ੍ਹਾਂ ਵਿੱਚ ਟੈਕਸ ਦੀ ਹੇਰਾਫੇਰੀ, ਬੈਂਕ ਨੂੰ ਝੂਠਾ ਬਿਆਨ ਦੇਣਾ ਤੇ ਚੋਣ ਮੁਹਿੰਮ ਦੌਰਾਨ ਟਰੰਪ ਲਈ ਕੀਤੇ ਕੰਮ ਦੌਰਾਨ ਹੋਈਆਂ ਵਿੱਤੀ ਉਲੰਘਣਾਵਾਂ, ਜਿਸ ਵਿੱਚ ਮਹਿਲਾਵਾਂ ਦਾ ਮੂੰਹ ਬੰਦ ਕਰਨ ਲਈ ਕੀਤੀ ਅਦਾਇਗੀ, ਸ਼ਾਮਲ ਹਨ। ਯਾਦ ਰਹੇ ਕਿ ਅਸ਼ਲੀਲ ਫਿਲਮਾਂ ਦੀ ਸਟਾਰ ਸਟੈਫਨੀ ਕਲਿਫਰਡ, ਜਿਸ ਨੂੰ ਆਮ ਕਰੇ ਸਟੌਰਮੀ ਡੈਨੀਅਲਜ਼ ਵਜੋਂ ਜਾਣਿਆ ਜਾਂਦਾ ਹੈ ਤੇ ਸਾਬਕਾ ਪਲੇਅਬੁਇ ਮਾਡਲ ਕੈਰੇਨ ਮੈਕਡਗਲ ਨੇ ਡੋਨਲਡ ਟਰੰਪ ਨਾਲ ਸਬੰਧ ਹੋਣ ਦੀ ਗੱਲ ਕਹੀ ਸੀ। ਕਲਿਫਰਡ ਤੇ ਮੈਕਡਗਲ ਨੇ ਦਾਅਵਾ ਕੀਤਾ ਸੀ ਕਿ ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਸਬੰਧਾਂ ਬਾਰੇ ਚੁੱਪ ਵੱਟਣ ਲਈ ਉਨ੍ਹਾਂ ਨੂੰ ਕੋਹੇਨ ਰਾਹੀਂ 1.30 ਲੱਖ ਤੇ ਡੇਢ ਲੱਖ ਡਾਲਰ ਦੀ ਅਦਾਇਗੀ ਕੀਤੀ ਸੀ।

VIA PUNJAB