ਦਿੱਲੀ ਤੇ ਚੇਨੱਈ ਵਿਚਾਲੇ ਪਲੇਅ-ਆਫ ਦੇ ਅੱਵਲ ਨੰਬਰ ਲਈ ਟੱਕਰ

ਚੇਨੱਈ – ਮੁੰਬਈ ਇੰਡੀਅਨਜ਼ ਖ਼ਿਲਾਫ਼ ਹਾਰ ਨਾਲ ਰਨ ਰੇਟ ਕਾਰਨ ਦੂਜੇ ਸਥਾਨ ’ਤੇ ਖਿਸਕਣ ਵਾਲੀ ਚੇਨੱਈ ਸੁਪਰਕਿੰਗਜ਼ ਦੀ ਟੀਮ ਸ਼ਿਖਰ ’ਤੇ ਕਾਬਜ਼ ਦਿੱਲੀ ਕੈਪੀਟਲਜ਼ ਖ਼ਿਲਾਫ਼ ਬੁੱਧਵਾਰ ਨੂੰ ਇੱਥੇ ਆਈਪੀਐਲ ਮੈਚ ਵਿੱਚ ਜਿੱਤ ਦਰਜ ਕਰਕੇ ਮੁੜ ਤੋਂ ਅੰਕ ਸੂਚੀ ਵਿੱਚ ਅੱਵਲ ਨੰਬਰ ਸਥਾਨ ’ਤੇ ਪਹੁੰਚਣ ਦੀ ਕੋਸ਼ਿਸ਼ ਕਰੇਗੀ। ਸ਼ਿਖਰਲੀਆਂ ਦੋਵਾਂ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲੇ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚੋਂ ਜਿਹੜੀ ਵੀ ਟੀਮ ਜਿੱਤ ਜਾਵੇਗੀ, ਉਸ ਦਾ ਪਹਿਲਾ ਸਥਾਨ ਮਜ਼ਬੂਤ ਹੋ ਜਾਵੇਗਾ। ਇਸ ਦਾ ਅਸਰ ਅੰਤਿਮ ਅੰਕ ਸੂਚੀ ’ਤੇ ਵੀ ਪਵੇਗਾ। ਚੇਨੱਈ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਮੁੰਬਈ ਖ਼ਿਲਾਫ਼ ਪਿਛਲੇ ਮੈਚ ਵਿੱਚ ਨਹੀਂ ਖੇਡ ਸਕਿਆ ਸੀ। ਦਿੱਲੀ ਖ਼ਿਲਾਫ਼ ਮੈਚ ਵਿੱਚ ਵੀ ਉਸ ਦੇ ਖੇਡਣ ਬਾਰੇ ਬੇਯਕੀਨੀ ਬਣੀ ਹੋਈ ਹੈ। ਮੁੰਬਈ ਤੋਂ ਹਾਰ ਕਾਰਨ ਉਸ ਦਾ ਰਨ ਰੇਟ ਮਨਫ਼ੀ ਵਿੱਚ ਚਲਾ ਗਿਆ ਹੈ। ਹੁਣ ਚੇਨੱਈ ਦੇ ਲੀਗ ਗੇੜ ਵਿੱਚ ਸਿਰਫ਼ ਦੋ ਮੈਚ ਬਚੇ ਹਨ ਅਤੇ ਉਸ ਦੀ ਨਜ਼ਰ ਇਸ ਵਿੱਚ ਜਿੱਤ ਦਰਜ ਕਰਨ ’ਤੇ ਹੈ ਤਾਂ ਕਿ ਉਹ ਮਜ਼ਬੂਤੀ ਨਾਲ ਕੁਆਲੀਫਾਇਰ ਖੇਡਣ ਲਈ ਉਤਰੇ। ਚੇਨੱਈ ਅਤੇ ਦਿੱਲੀ ਦੋਵਾਂ ਦੇ ਇਸ ਵੇਲੇ 12 ਮੈਚਾਂ ਵਿੱਚ ਇੱਕ ਬਰਾਬਰ 16 ਅੰਕ ਹਨ। ਬਿਹਤਰ ਰਨ ਰੇਟ ਕਾਰਨ ਦਿੱਲੀ ਚੋਟੀ ’ਤੇ ਹੈ। ਧੋਨੀ ਬੁਖ਼ਾਰ ਕਾਰਨ ਪਿਛਲਾ ਮੈਚ ਨਹੀਂ ਖੇਡਿਆ ਸੀ, ਪਰ ਚੇਨੱਈ ਨੂੰ ਹੁਣ ਉਮੀਦ ਹੈ ਕਿ ਉਹ ਬੁੱਧਵਾਰ ਨੂੰ ਮਹੱਤਵਪੂਰਨ ਮੈਚ ਲਈ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਮੈਦਾਨ ’ਤੇ ਉਤਰੇਗਾ। ਰਵਿੰਦਰ ਜਡੇਜਾ ਦੀ ਵੀ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਵਾਪਸੀ ਕਰਨ ਦੀ ਉਮੀਦ ਹੈ। ਦਿੱਲੀ ਨੇ ਆਪਣੇ ਪਿਛਲੇ ਪੰਜ ਵਿੱਚੋਂ ਚਾਰ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਉਸ ਦੇ ਹੌਸਲੇ ਬੁਲੰਦ ਹਨ। ਨੌਜਵਾਨ ਸ਼੍ਰੇਅਸ ਅਈਅਰ ਨੇ ਟੀਮ ਦੀ ਅਗਵਾਈ ਕਰਦਿਆਂ ਚੰਗੀ ਭੂਮਿਕਾ ਨਿਭਾਈ ਸੀ।

VIA PUNJAB