ਦੁਖੀਆਂ ਤੇ ਲੋੜਵੰਦਾਂ ਦੀ ਮੱਦਦ ਕਰਨਾ ਸਿੱਖਾਂ ਦਾ ਧਰਮ ਕਰਤੱਵ -ਭਾਈ ਲੌਂਗੋਵਾਲ

ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇੱਕ ਬਿਆਨ ਰਾਹੀਂ ਕਿਹਾ ਹੈ ਕਿ ਦੁਖੀ ਤੇ ਲੋੜਵੰਦ ਲੋਕਾਂ ਦੀ ਮੱਦਦ ਕਰਨਾ ਸਿੱਖਾਂ ਦਾ ਧਰਮ ਕਰਤੱਵ ਹੈ ਅਤੇ ਸਿੱਖ ਹਮੇਸ਼ਾ ਗੁਰੂ ਦਰਸਾਏ ਮਾਰਗ ਅਨੁਸਾਰ ਹਰ ਮੁਸ਼ਕਿਲ ਸਮੇਂ ਮੋਹਰੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੇਰਲਾ ਵਿਚ ਹੜ੍ਹਾਂ ਦੌਰਾਨ ਪ੍ਰਭਾਵਤ ਹੋਏ ਲੋਕਾਂ ਦੀ ਸਹਾਇਤਾ ਲਈ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਕੁਦਰਤੀ ਕਰੋਪੀ ਦੌਰਾਨ ਹੋਏ ਜਾਨੀ ਤੇ ਮਾਲੀ ਨੁਕਸਾਨ ’ਤੇ ਜਿਥੇ ਦੁੱਖ ਤੇ ਹਮਦਰਦੀ ਪ੍ਰਗਟ ਕੀਤੀ, ਉਥੇ ਹੀ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਔਖੀ ਘੜ੍ਹੀ ਸਮੇਂ ਪੀੜਤਾਂ ਦੀ ਮਦਦ ਲਈ ਸਮੁੱਚੀ ਮਨੁੱਖਤਾ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸੰਕਟ ਖ਼ਤਮ ਹੋਣ ਤੱਕ ਹਮਦਰਦੀ ਦੀ ਭਾਵਨਾ ਤਹਿਤ ਕਾਰਜ ਕਰਨੇ ਚਾਹੀਦੇ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਲਗਾਤਾਰ ਰਾਹਤ ਕਾਰਜ ਜਾਰੀ ਰੱਖੇਗੀ ਅਤੇ ਹਲਾਤ ਠੀਕ ਹੋਣ ਤੀਕ ਇਹ ਕਾਰਜ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਭੇਜਣ ਲਈ ਜਿਥੇ ਸੜਕੀ ਸਾਧਨਾ ਰਾਹੀਂ ਪ੍ਰਬੰਧ ਕੀਤਾ ਜਾ ਰਿਹਾ ਹੈ, ਉਥੇ ਹੀ ਹਵਾਈ ਸੇਵਾਵਾਂ ਵੀ ਵਰਤੀਆਂ ਜਾਣਗੀਆਂ। ਉਨ੍ਹਾਂ ਹਵਾਈ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਅਤੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਰਾਹਤ ਸਮੱਗਰੀ ਕੇਰਲ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਦਾ ਸਾਥ ਦੇਣ ਤਾਂ ਜੋ ਵੱਡੀ ਪੱਧਰ ’ਤੇ ਕੇਰਲ ਵਿਖੇ ਰਾਹਤ ਸਮੱਗਰੀ ਸਮੇਂ ਸਿਰ ਪਹੁੰਚ ਸਕੇ।

VIA PUNJAB