ਪਰਥ ਟੈਸਟ ਆਸਟਰੇਲੀਆ ਨੇ 146 ਦੌੜਾਂ ਨਾਲ ਜਿੱਤਿਆ

ਪਰਥ – ਭਾਰਤੀ ਟੀਮ ਦੂਜੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਇੱਥੇ ਦੂਜੀ ਪਾਰੀ ਵਿਚ 140 ਦੌੜਾਂ ਉੱਤੇ ਢੇਰ ਹੋ ਗਈ। ਇਸ ਤਰ੍ਹਾਂ ਆਸਟਰੇਲੀਆ ਨੇ 146 ਦੌੜਾਂ ਨਾਲ ਮੈਚ ਜਿੱਤ ਕੇ ਚਾਰ ਮੈਚਾਂ ਦੀ ਲੜੀ ਇੱਕ-ਇੱਕ ਨਾਲ ਬਰਾਬਰ ਕਰ ਦਿੱਤੀ। ਭਾਰਤੀ ਟੀਮ 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ ਦੂਜੀ ਪਾਰੀ ਵਿਚ 56 ਓਵਰ ਹੀ ਟਿਕ ਸਕੀ। ਭਾਰਤ ਨੇ ਐਡੀਲੇਡ ਵਿਚ ਪਹਿਲਾ ਟੈਸਟ 31 ਦੌੜਾਂ ਨਾਲ ਜਿੱਤ ਕੇ ਲੜੀ ਵਿਚ ਲੀਡ ਬਣਾਈ ਸੀ। ਭਾਰਤ ਨੇ ਦਿਨ ਦੀ ਸ਼ੁਰੂਆਤ ਪੰਜ ਵਿਕਟਾਂ ਉੱਤੇ 112 ਦੌੜਾਂ ਦੇ ਨਾਲ ਕੀਤੀ। ਟੀਮ ਇੰਡੀਆ ਨੇ ਆਪਣੇ ਪੰਜ ਵਿਕਟ ਸਿਰਫ 28 ਦੌੜਾਂ ਬਣਾਉਂਦਿਆ ਗਵਾ ਦਿੱਤੇ। ਆਸਟਰੇਲੀਆ ਨੇ ਆਖ਼ਰੀ ਦਿਨ ਸਿਰਫ 65 ਮਿੰਟ ਵਿਚ ਹੀ ਭਾਰਤ ਦੀਆਂ ਬਚੀਆਂ ਹੋਈਆਂ ਪੰਜ ਵਿਕਟਾਂ ਹਾਸਲ ਕਰ ਲਈਆਂ। ਹੁਣ ਤੀਜਾ ਟੈਸਟ ਮੈਲਬੌਰਨ ਵਿਚ 26 ਦਸੰਬਰ ਤੋਂ ਸ਼ੁਰੂ ਹੋਵੇਗਾ।ਦੱਖਣੀ ਅਫਰੀਕਾ ਵਿਚ ਮਾਰਚ ਮਹੀਨੇ ਗੇਂਦ ਨਾਲ ਛੇੜ ਛਾੜ ਮਾਮਲਾ ਸਾਹਮਣੇ ਆਉਣ ਬਾਅਦ ਆਸਟਰੇਲੀਆ ਦੀ ਇਹ ਪਹਿਲੀ ਜਿੱਤ ਹੈ। ਆਸਟਰੇਲੀਆ ਦੀ ਤਰਫੋਂ ਨਾਥਨ ਲਿਓਨ ਨੇ ਤਿੰਨ, ਮਿਸ਼ੇਲ ਸਟਾਰਕ ਨੇ ਤਿੰਨ ਅਤੇ ਜੋਸ਼ ਹੇਜਲਵੁੱਡ ਤੇ ਪੈੱਟ ਕਮਿਨਸ ਨੇ ਦੋ ਦੋ ਵਿਕਟਾਂ ਝਟਕ ਕੇ ਆਸਟਰੇਲੀਆ ਦੀ ਜਿੱਤ ਦੀ ਨੀਂਹ ਰੱਖੀ। ਇਸ ਵਿਕਟ ਉੱਤੇ ਤੇਜ ਗੇਂਦਬਾਜਾਂ ਦੇ ਵੱਲੋਂ ਦਬਦਬਾ ਬਣਾਉਣ ਦੀ ਉਮੀਦ ਸੀ ਪਰ ਭਾਰਤੀ ਬੱਲੇਬਾਜ਼ਾਂ ਨੂੰ ਸਭ ਤੋਂ ਵੱੱਧ ਪ੍ਰੇਸ਼ਾਨ ਆਫ ਸਪਿੰਨਰ ਨਾਥਨ ਲਿਓਨ ਨੇ ਕੀਤਾ। ਉਸਨੇ ਮੈਚ ਵਿਚ ਅੱਠ ਵਿਕਟਾਂ ਹਾਸਲ ਕੀਤੀਆਂ,ਜਿਸ ਵਿਚ ਪਹਿਲੀ ਪਾਰੀ ਦੀਆਂ ਪੰਜ ਵਿਕਟਾਂ ਵੀ ਸ਼ਾਮਲ ਹਨ। ਲਿਓਨ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ। ਭਾਰਤ ਨੂੰ ਇਸ ਮੈਚ ਵਿਚ ਵਿਸ਼ੇਸ਼ ਤੌਰ ਉੱਤੇ ਸਪਿੰੰਨਰਾਂ ਦੀ ਘਾਟ ਰੜਕੀ। ਹਨੁਮਾ ਬਿਹਾਰੀ ਅਤੇ ਰਿਸ਼ਭ ਪੰਤ ਨੇ ਅੱਜ ਵੀ ਭਾਰਤ ਦੀ ਪਾਰੀ ਨੂੰ ਅੱਗੇ ਵਧਾਇਆ ਪਰ ਦੋਵੇਂ ਛੇ ਓਵਰਾਂ ਤੱਕ ਹੀ ਆਪਣੀਆਂ ਵਿਕਟਾਂ ਦੀ ਰਾਖੀ ਕਰ ਸਕੇ। ਦੋਵਾਂ ਨੇ ਛੇ ਓਵਰਾਂ ਵਿਚ 21 ਦੌੜਾਂ ਜੋੜੀਆਂ। ਬਿਹਾਰੀ ਅੱਜ ਆਉਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣੇ। ਉਸਨੇ ਸਟਾਰਕ ਦੀ ਗੇਂਦ ਉੱਤੇ ਪੁਆਇੰਟ ਵਿਚ ਕੈਚ ਦਿੱਤਾ। ਪੰਤ ਵੀ ਇਸ ਤੋਂ ਬਾਅਦ ਮਿੱਡ ਵਿਚ ਕੈਚ ਦੇ ਬੈਠਿਆ। ਪੀਟਰ ਹੈਂਡਜ਼ਕੌਂਬ ਨੇ ਉਸਦਾ ਕੈਚ ਲਿਆ। ਉਮੇਸ਼ ਯਾਦਵ (2) ਨੇ ਸਟਾਰਕ ਨੂੰ ਉਸ ਦੀ ਹੀ ਗੇਂਦ ਉੱਤੇ ਕੈਚ ਦਿੱਤਾ। ਇਸ਼ਾਂਤ ਸ਼ਰਮਾ (0) ਕਮਿਨਸ ਦੀ ਗੇਂਦ ਉੱਤੇ ਵਿਕਟਾਂ ਦੇ ਪਿੱਛੇ ਕੈਚ ਦੇ ਬੈਠਿਆ। ਜਸਪ੍ਰੀਤ ਬੁਮਰਾ (0) ਇਸ ਤੋਂ ਬਾਅਦ ਕਮਿਨਸ ਦੀ ਗੇਂਦ ਨੂੰ ਹਵਾ ਵਿਚ ਲਹਿਰਾਅ ਗਿਆ ਅਤੇ ਕਮਿਨਸ ਨੇ ਉਸਦਾ ਕੈਚ ਲੈਕੇ ਆਸਟਰੇਲੀਆ ਨੂੰ ਜਿੱਤ ਦਿਵਾ ਦਿੱਤੀ।

VIA PUNJAB