ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ‘ਤੇ ਸ਼੍ਰੋਮਣੀ ਕਮੇਟੀ ਪਾਵੇਗੀ ਰੀਵਿਊ ਪਟੀਸ਼ਨ : ਭਾਈ ਲੌਂਗੋਵਾਲ

ਸ੍ਰੀ ਫ਼ਤਹਿਗੜ੍ਹ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫ਼ੀ ‘ਤੇ ਸੁਪਰੀਮ ਕੋਰਟ ਵੱਲੋਂ ਰੋਕ ਲਗਾਉਣ ਦੇ ਫੈਸਲੇ ਸਬੰਧੀ ਰੀਵਿਊ ਪਟੀਸ਼ਨ ਪਾਉਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਨਵੀਂ ਚੁਣੀ ਗਈ ਅੰਤ੍ਰਿੰਗ ਕਮੇਟੀ ਦੀ ਇਥੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਪਲੇਠੀ ਇਕੱਤਰਤਾ ਦੌਰਾਨ ਇਹ ਫੈਸਲਾ ਲਿਆ ਗਿਆ। ਇਕੱਤਰਤਾ ਦੌਰਾਨ ਵਿਸ਼ੇਸ਼ ਚਾਰਟਰ ਜਹਾਜ਼ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੈਨੇਡਾ ਭੇਜਣ ਦੇ ਨਾਲ-ਨਾਲ ਹੋਰ ਕਈ ਫੈਸਲਿਆਂ ‘ਤੇ ਵੀ ਮੋਹਰ ਲਗਾਈ ਗਈ। ਇਕੱਤਰਤਾ ਮਗਰੋਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦੇ ਕੇਂਦਰ ਸਰਕਾਰ ਵੱਲੋਂ ਲਏ ਗਏ ਫੈਸਲੇ ‘ਤੇ ਉੱਚ ਅਦਾਲਤ ਵੱਲੋਂ ਲਗਾਈ ਗਈ ਰੋਕ ਅਫਸੋਸਨਾਕ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਵਕੀਲਾਂ ਦੀਆਂ ਫ਼ੀਸਾਂ ਸਮੇਤ ਸਾਰਾ ਖ਼ਰਚਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਵੀ ਸ਼੍ਰੋਮਣੀ ਕਮੇਟੀ ਕੇਂਦਰ ਸਰਕਾਰ ਤੱਕ ਪਹੁੰਚ ਕਰੇਗੀ। ਜਲਦ ਹੀ ਸ਼੍ਰੋਮਣੀ ਕਮੇਟੀ ਇਕ ਵਫ਼ਦ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰੇਗਾ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਲਗਾਤਾਰ ਵਧ ਰਹੀ ਮੰਗ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਚਾਰਟਰ ਜਹਾਜ਼ ਰਾਹੀਂ ਪਾਵਨ ਸਰੂਪ ਕੈਨੇਡਾ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਕੈਨੇਡਾ ਤੇ ਅਮਰੀਕਾ ਦੀਆਂ ਸੰਗਤਾਂ ਕੈਨੇਡਾ ਤੋਂ ਹੀ ਪਾਵਨ ਸਰੂਪ ਪ੍ਰਾਪਤ ਕਰ ਸਕਣਗੀਆਂ। ਇਸ ਕਾਰਜ ਲਈ ਸਤਿਨਾਮ ਟਰੱਸਟ ਕੈਨੇਡਾ ਦਾ ਸਹਿਯੋਗ ਲਿਆ ਜਾਵੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਮਰਯਾਦਾ ਅਨੁਸਾਰ ਹੀ ਕੈਨੇਡਾ ਭੇਜੇ ਜਾਣਗੇ। ਭਾਈ ਲੌਂਗੋਵਾਲ ਨੇ ਅੱਗੇ ਦੱਸਿਆ ਕਿ ਦੇਸ਼ ਦੀ ਅਜ਼ਾਦੀ ਵਿਚ ਯੋਗਦਾਨ ਪਾਉਣ ਵਾਲੇ ਗਦਰੀ ਬਾਬਿਆਂ ਦੀਆਂ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈਆਂ ਜਾਣਗੀਆਂ। ਇਨ੍ਹਾਂ ਗਦਰੀ ਯੋਧਿਆਂ ਦੀ ਯਾਦ ਵਿਚ ਅੰਮ੍ਰਿਤਸਰ ਵਿਖੇ 11 ਜਨਵਰੀ ਨੂੰ ਇਕ ਉਚੇਚਾ ਸਮਾਗਮ ਵੀ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਕਿਲ੍ਹਾ ਲੋਹਗੜ੍ਹ ਸਾਹਿਬ ਹਰਿਆਣਾ ਵਿਖੇ ਬਣ ਰਹੀ ਯਾਦਗਾਰ ਲਈ ਹੋਰ ਜ਼ਮੀਨ ਖਰੀਦਣ ਦਾ ਵੀ ਫੈਸਲਾ ਕੀਤਾ ਗਿਆ ਹੈ। ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਭਾਈ ਲੌਂਗੋਵਾਲ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਸ. ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਭੁਪਿੰਦਰ ਸਿੰਘ ਅਸੰਧ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਗੁਰਪਾਲ ਸਿੰਘ ਗੋਰਾ, ਸ. ਸ਼ੇਰ ਸਿੰਘ ਮੰਡਵਾਲਾ, ਸ. ਜਸਮੇਰ ਸਿੰਘ ਲਾਛੜੂ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਸੁਰਜੀਤ ਸਿੰਘ ਕੰਗ, ਸ. ਇੰਦਰਮੋਹਨ ਸਿੰਘ ਲਖਮੀਰਵਾਲਾ, ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਪਰਮਜੀਤ ਕੌਰ ਲਹਿਰਾ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਅਵਤਾਰ ਸਿੰਘ ਸੈਂਪਲਾ, ਸ. ਮਹਿੰਦਰ ਸਿੰਘ ਆਹਲੀ, ਸ. ਸੁਖਦਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਪਰਮਜੀਤ ਸਿੰਘ ਸਰੋਆ, ਸ. ਸੁਖਮਿੰਦਰ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਸੁਲੱਖਣ ਸਿੰਘ ਭੰਗਾਲੀ, ਸ. ਦਰਸ਼ਨ ਸਿੰਘ ਪੀ.ਏ., ਮੈਨੇਜਰ ਸ. ਨੱਥਾ ਸਿੰਘ ਆਦਿ ਮੌਜੂਦ ਸਨ।

VIA PUNJAB