ਬੁਮਰਾਹ ਵਿਸ਼ਵ ਕ੍ਰਿਕਟ ਦਾ ਸਰਵਸ੍ਰੇਸ਼ਠ ਗੇਂਦਬਾਜ਼

ਮੈਲਬੋਰਨ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਸਪ੍ਰੀਤ ਬੁਮਰਾਹ ਨੂੰ ‘ਦੁਨੀਆ ਦਾ ਸਰਵਸ੍ਰੇਸ਼ਠ (ਤੇਜ਼) ਗੇਂਦਬਾਜ਼’ ਕਰਾਰ ਦਿੱਤਾ ਹੈ ਅਤੇ ਨਾਲ ਹੀ ਕਿਹਾ ਕਿ ਪਰਥ ਦੇ ਉਛਾਲ ਭਰੇ ਵਿਕਟ ‘ਤੇ ਉਹ ਵੀ ਉਸ ਦਾ ਸਾਹਮਣਾ ਕਰਦੇ ਹੋਏ ਡਰਦੇ। ਬੁਮਰਾਹ ਨੇ ਤੀਜੇ ਟੈਸਟ ‘ਚ 86 ਦੌੜਾਂ ਦੇ ਕੇ ਕੁੱਲ 9 ਵਿਕਟਾਂ ਝਟਕਾਈਆਂ ਜਿਸ ਨਾਲ ਭਾਰਤ ਨੇ ਆਸਟਰੇਲੀਆ ਨੂੰ 137 ਦੌੜਾਂ ਨਾਲ ਹਰਾ ਕੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ‘ਚ 2-1 ਦੀ ਅਜੇਤੂ ਲੀਡ ਬਣਾ ਲਈ ਹੈ। ਟੈਸਟ ਕ੍ਰਿਕਟ ‘ਚ ਆਪਣੇ ਡੈਬਿਊ ਸੈਸ਼ਨ ‘ਚ 48 ਵਿਕਟਾਂ ਝਟਕਾਉਣ ਵਾਲੇ ਬੁਮਰਾਹ ਦੀਆਂ ਸਿਫਤਾਂ ਕਰਦੇ ਹੋਏ ਕੋਹਲੀ ਨੇ ਕਿਹਾ, ”ਮੇਰੇ ਮੁਤਾਬਕ ਜਸਪ੍ਰੀਤ ਵਿਸ਼ਵ ਦਾ ਸਰਵਸ੍ਰੇਸ਼ਠ ਗੇਂਦਬਾਜ਼ ਹੈ। ਉਹ ਮੈਚ ਜੇਤੂ ਹੈ, ਇਸ ‘ਚ ਕੋਈ ਸ਼ੱਕ ਨਹੀਂ, ਫਿਰ ਭਾਵੇਂ ਉਹ ਸਿਰਫ 12 ਮਹੀਨਿਆਂ ਤੋਂ (ਟੈਸਟ ਕ੍ਰਿਕਟ) ਖੇਡ ਰਿਹਾ ਹੈ।” ਕੋਹਲੀ ਨੇ ਕਿਹਾ, ”ਮੇਰੇ ਕਹਿਣ ਦਾ ਮਤਲਬ ਹੈ ਕਿ ਜੇਕਰ ਪਰਥ ਜਿਹੀ ਪਿੱਚ ਹੈ ਤਾਂ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਜੇਕਰ ਉਹ ਲੈਅ ‘ਚ ਆ ਗਿਆ ਤਾਂ ਤੁਹਾਨੂੰ ਢਹਿ-ਢੇਰੀ ਕਰ ਸਕਦਾ ਹੈ। ਉਹ ਜਿਸ ਤਰ੍ਹਾਂ ਗੇਂਦਬਾਜ਼ੀ ਕਰਦਾ ਹੈ ਉਹ ਕਿਸੇ ਵੀ ਦੂਜੇ ਗੇਂਦਬਾਜ਼ ਤੋਂ ਕਾਫੀ ਵੱਖ ਹੈ ਅਤੇ ਮੈਨੂੰ ਲਗਦਾ ਹੈ ਕਿ ਉਹ ਬੱਲੇਬਾਜ਼ ਤੋਂ ਜ਼ਿਆਦਾ ਮਹਿਸੂਸ ਕਰਦਾ ਹੈ। ਇਹੋ ਕਾਰਨ ਹੈ ਕਿ ਉਹ ਆਪਣੇ ਹੁਨਰ ਨੂੰ ਲੈ ਕੇ ਇੰਨਾ ਆਸਵੰਦ ਹੈ।” ਕੋਹਲੀ ਨੇ ਕਿਹਾ ਕਿ ਬੁਮਰਾਹ ਦੀ ਬਿਹਤਰੀਨ ਫਿੱਟਨੈਸ ਅਤੇ ਕੰਮ ਦੇ ਪ੍ਰਤੀ ਇਮਾਨਦਾਰੀ ਦੇ ਇਲਾਵਾ ਉਸ ਦੇ ਹੁਨਰ ਦੇ ਕਾਰਨ ਉਨ੍ਹਾਂ ਨੇ ਅਤੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਨਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ। ਭਾਰਤੀ ਕਪਤਾਨ ਦਾ ਮੰਨਣਾ ਹੈ ਕਿ ਬੁਮਰਾਹ ਹਾਲਾਤ ਤੋਂ ਖਿੱਜਣ ਦੀ ਜਗ੍ਹਾ ਪ੍ਰਦਰਸ਼ਨ ਕਰਨ ਦੀ ਮਾਨਸਿਕਤਾ ਦੇ ਨਾਲ ਉਤਰਦਾ ਹੈ ਜੋ ਉਸ ਨੂੰ ਮੈਚ ਜੇਤੂ ਬਣਾਉਂਦਾ ਹੈ। ਕਪਤਾਨ ਨੇ ਕਿਹਾ, ”ਉਸ ਦੀ ਮਾਨਸਿਕਤਾ ਉਸ ਨੂੰ ਫਿਲਹਾਲ ਵਿਸ਼ਵ ਦੇ ਹੋਰਨਾਂ ਗੇਂਦਬਾਜ਼ਾਂ ਤੋਂ ਅਲਗ ਬਣਾਉਂਦੀ ਹੈ। ਉਹ ਪਿੱਚ ਨੂੰ ਦੇਖਦਾ ਹਾਂ ਅਤੇ ਇਹ ਨਹੀਂ ਸੋਚਦਾ ਕਿ ਇਨ੍ਹਾਂ ਵਿਕਟਾਂ ‘ਤੇ ਕਾਫੀ ਮਿਹਨਤ ਕਰਨੀ ਹੋਵੇਗੀ। ਉਹ ਸੋਚਦਾ ਹੈ ਕਿ ਮੈਂ ਕਿਵੇਂ ਟੀਮ ਲਈ ਵਿਕਟ ਹਾਸਲ ਕਰਾਂ ਅਤੇ ਤੁਹਾਡੀ ਮਾਨਸਿਕਤਾ ਤੁਹਾਨੂੰ ਬਾਕੀਆਂ ਤੋਂ ਵੱਖ ਕਰਦੀ ਹੈ।”

VIA PUNJAB