ਸ਼੍ਰੋਮਣੀ ਕਮੇਟੀ ਦੇ ਫੋਟੋਗ੍ਰਾਫਰ ਜਤਿੰਦਰ ਸਿੰਘ ਲਾਲੀ ਦੇ ਪਿਤਾ ਸ. ਹਰਭਜਨ ਸਿੰਘ ਨਮਿਤ ਅੰਤਿਮ ਅਰਦਾਸ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੋਟੋਗ੍ਰਾਫਰ ਸ. ਜਤਿੰਦਰ ਸਿੰਘ ਲਾਲੀ ਦੇ ਪਿਤਾ ਸ. ਹਰਭਜਨ ਸਿੰਘ ਨਮਿਤ ਅੰਤਿਮ ਅਰਦਾਸ ਸਮਾਗਮ ਸਥਾਨਕ ਗੁਰਦੁਆਰਾ ਸ਼ਹੀਦ ਕਰਮ ਸਿੰਘ, ਗੁਰੂ ਨਾਨਕਪੁਰਾ ਵਿਖੇ ਕਰਵਾਇਆ ਗਿਆ। ਸ. ਹਰਭਜਨ ਸਿੰਘ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਜਾਨਲੇਵਾ ਬਿਮਾਰੀ ਨਾਲ ਪੀੜ੍ਹਤ ਸਨ ਅਤੇ ਉਹ 18 ਅਕਤੂਬਰ 2018 ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪਾਵਨ ਹੁਕਮਨਾਮਾ ਸਰਵਣ ਕਰਵਾਇਆ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰਬਾਣੀ ਹਰੇਕ ਜੀਵ ਕਰਤਾ ਪੁਰਖ ਦੇ ਭਾਣੇ ਅਨੁਸਾਰ ਸੰਸਾਰ ’ਚ ਆਉਂਦਾ ਹੈ ਅਤੇ ਉਸ ਦੀ ਰਜ਼ਾ ਅਨੁਸਾਰ ਹੀ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੌਤ ਹੀ ਇੱਕ ਅਟੱਲ ਸੱਚਾਈ ਹੈ। ਉਨ੍ਹਾਂ ਸ. ਹਰਭਜਨ ਸਿੰਘ ਦੇ ਅਕਾਲ ਚਲਾਣੇ ’ਤੇ ਸ. ਜਤਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ. ਜਤਿੰਦਰ ਸਿੰਘ ਲਾਲੀ ਦੇ ਕਿਰਦਾਰ ਤੇ ਵਿਹਾਰਕ ਜੀਵਨ ਤੋਂ ਸ. ਹਰਭਜਨ ਸਿੰਘ ਵੱਲੋਂ ਸਿਖਾਏ ਚੰਗੇ ਗੁਣਾਂ ਦੀ ਝਲਕ ਨਜ਼ਰ ਆਉਂਦੀ ਹੈ। ਉਨ੍ਹਾਂ ਅਰਦਾਸ ਸਮਾਗਮ ਵਿਚ ਹਾਜ਼ਰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਨਾਲ ਨਾਲ ਹਮਦਰਦੀ ਪ੍ਰਗਟ ਕੀਤੀ। ਸਮਾਗਮ ਦੌਰਾਨ ਸ. ਹਰਭਜਨ ਸਿੰਘ ਦੇ ਸਪੁੱਤਰਾਂ ਸ. ਨਰਿੰਦਰ ਸਿੰਘ, ਸ. ਸੁਰਿੰਦਰ ਸਿੰਘ, ਸ. ਹਰਵਿੰਦਰ ਸਿੰਘ ਤੇ ਸ. ਜਤਿੰਦਰ ਸਿੰਘ ਲਾਲੀ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਇਸ ਮੌਕੇ ਸ੍ਰੋਮਣੀ ਕਮੇਟੀ ਵੱਲੋਂ ਸਕੱਤਰ ਸ. ਦਿਲਜੀਤ ਸਿੰਘ ਬੇਦੀ ਅਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਨੇ ਸ. ਜਤਿੰਦਰ ਸਿੰਘ ਲਾਲੀ ਨੂੰ ਦਸਤਾਰ ਅਤੇ ਸਿਰੋਪਾਓ ਦਿੱਤੇ। ਇਸ ਮੌਕੇ ਸ. ਹਰਭਜਨ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਐਡੀਸ਼ਨਲ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਮੀਡੀਆ ਇੰਚਾਰਜ ਸ. ਹਰਭਜਨ ਸਿੰਘ ਵਕਤਾ, ਸੁਪਰਵਾਈਜ਼ਰ ਸ. ਗੁਰਮੁਖ ਸਿੰਘ, ਸ. ਭੁਪਿੰਦਰ ਸਿੰਘ, ਸ. ਜਗਤਾਰ ਸਿੰਘ ਖੋਦੇਬੇਟ ਆਦਿ ਹਾਜ਼ਰ ਸਨ।

VIA PUNJAB