ਪੰਜਵੇਂ ‘ਕੌਣ ਬਣੇਗਾ ਦਸਮੇਸ਼ ਪਿਤਾ ਦਾ ਲਾਡਲਾ’ ਜੋਨਲ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ: ਭਾਈ ਚਾਵਲਾ

 

ਭਲ੍ਹਕੇ ਦਿੱਲੀ ਤੇ ਪੰਜਾਬ ‘ਚ ਹੋਣ ਵਾਲੇ ਜੋਨਲ ਮੁਕਾਬਲਿਆਂ ‘ਚ 70 ਟੀਮਾਂ ਲੈਣਗੀਆਂ ਹਿੱਸਾ

ਤਲਵਿੰਦਰ ਸਿੰਘ ਬੁੱਟਰ/ਵਾਇਆ ਪੰਜਾਬ ਬਿਊਰੋ

ਲੁਧਿਆਣਾ, 3 ਦਸੰਬਰ
ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਵਲੋਂ ਭਲ੍ਹਕੇ ਕਰਵਾਏ ਜਾ ਰਹੇ ਪੰਜਵੇਂ ‘ਕੌਣ ਬਣੇਗਾ ਦਸਮੇਸ਼ ਪਿਤਾ ਦਾ ਲਾਡਲਾ’ ਜੋਨਲ ਮੁਕਾਬਲਿਆਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਦੇ ਚੇਅਰਮੈਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਨਵੀਂ ਸਿੱਖ ਪੀੜ੍ਹੀ ਨੂੰ ਗੁਰਬਾਣੀ, ਗੁਰ-ਇਤਿਹਾਸ, ਗੁਰਮਤਿ ਸੰਸਕਾਰਾਂ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਕਰਵਾਏ ਜਾ ਰਹੇ ‘ਕੌਣ ਬਣੇਗਾ ਦਸਮੇਸ਼ ਪਿਤਾ ਦਾ ਲਾਡਲਾ’ ਦੇ ਭਲ੍ਹਕੇ 4 ਦਸੰਬਰ ਨੂੰ ਪੰਜਾਬ ਦੇ ਮਾਝਾ, ਮਾਲਵਾ, ਦੁਆਬਾ ਅਤੇ ਕੇਂਦਰੀ ਚਾਰ ਜੋਨਾਂ ਦੇ ਮੁਕਾਬਲੇ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ, ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਚ ਅਤੇ ਦਿੱਲੀ ਜੋਨ ਦੇ ਮੁਕਾਬਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਨਵੀਂ ਦਿੱਲੀ ਵਿਚ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿਚ ਕੁੱਲ 70 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿਚ 60 ਟੀਮਾਂ ਪੰਜਾਬ ਤੇ 10 ਟੀਮਾਂ ਦਿੱਲੀ ਿਵਚ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਚਾਰ ਜੋਨਾਂ ਦੇ ਲੁਧਿਆਣਾ ਵਿਚ ਹੋਣ ਵਾਲੇ ਮੁਕਾਬਲਿਆਂ ਦੀ ਕੋਆਰਡੀਨੇਸ਼ਨ ਮਿਸ਼ਨ ਦੇ ਵਾਈਸ ਚੇਅਰਮੈਨ ਡਾ. ਕਸ਼ਮੀਰ ਸਿੰਘ, ਕੈਪਟਨ ਦਲਜਿੰਦਰ ਸਿੰਘ, ਮਨਿੰਦਰਪਾਲ ਸਿੰਘ ਮਨੀ ਅਤੇ ਕੁਲਬੀਰ ਸਿੰਘ ਉਸਮਾਨਪੁਰ ਕਰਨਗੇ।ਜਦੋਂਕਿ ਦਿੱਲੀ ਜੋਨ ਦੇ ਮੁਕਾਬਲਿਆਂ ਦੀ ਕੋਆਰਡੀਨੇਸ਼ਨ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਦੇ ਜਨਰਲ ਸਕੱਤਰ ਐਡਵੋਕੇਟ ਹਰਦੇਵ ਸਿੰਘ, ਸਤਨਾਮ ਸਿੰਘ ਝੱਜ ਅਤੇ ਬੀਬੀ ਹਰਜੀਤ ਕੌਰ ਕਰਨਗੇ। ਪੰਜਾਬ ਦੇ ਚਾਰਾਂ ਜੋਨਾਂ ਦੇ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ 12 ਜੇਤੂ ਬੱਚਿਆਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਬਾਬਾ ਗੁਰਚਰਨ ਸਿੰਘ ਨਾਨਕਸਰ
ਇਨਾਮ ਤਕਸੀਮ ਕਰਨਗੇ ਜਦੋਂਕਿ ਦਿੱਲੀ ਦੇ ਪਹਿਲੇ ਤਿੰਨ ਸਥਾਨਾਂ ਦੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਪਰਮਜੀਤ ਸਿੰਘ ਰਾਣਾ ਕਰਨਗੇ।
ਭਾਈ ਚਾਵਲਾ ਨੇ ਦੱਸਿਆ ਕਿ ‘ਕੌਣ ਬਣੇਗਾ ਦਸਮੇਸ਼ ਪਿਤਾ ਦਾ ਲਾਡਲਾ’ ਜੋਨਲ ਮੁਕਾਬਲਿਆਂ ਤੋਂ ਬਾਅਦ 6 ਦਸੰਬਰ ਨੂੰ ਫਾਈਨਲ ਮੁਕਾਬਲੇ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ। ਉਨ੍ਹਾਂ ਕਿਹਾ ਕਿ ਇਹੋ ਜਿਹੇ ਮੁਕਾਬਲੇ ਅਜੋਕੇ ਸਮੇਂ ਵਿਚ ਸਿੱਖ ਬੱਚਿਆਂ ਨੂੰ ਪੱਛਮੀ ਸੱਭਿਅਤਾ ਦੇ ਮਾਰੂ ਪ੍ਰਭਾਵਾਂ ਤੋਂ ਬਚਾਅ ਕੇ ਆਪਣੇ ਸ਼ਾਨਾਮੱਤੇ ਸਿੱਖ ਵਿਰਸੇ ਨਾਲ ਜੋੜਨ ਵਿਚ ਸਹਾਈ ਹੋਣਗੇ।

VIA PUNJAB