ਇੰਗਲੈਡ ਤੋਂ ਆਏ ਨੌਜਵਾਨਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਸਥਾਨਾਂ ਦਾ ਦੌਰਾ

ਵਿਦੇਸ਼ਾਂ ‘ਚ ਵਸਦੇ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਪਹਿਲਾ ਗਰੁੱਪ ਪੰਜਾਬ ਪੁੱਜਾ

ਸ੍ਰੀ ਅਨੰਦਪੁਰ ਸਾਹਿਬ/ਚੰਡੀਗੜ੍ਹ – ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ ਇੰਗਲੈਡ ਤੋਂ ਆਏ 14 ਨੌਜਵਾਨਾਂ ਦਾ ਪਹਿਲਾਂ ਗਰੁੱਪ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਾ ਅਤੇ ਇਸ ਮੌਕੇ ਉਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਨੌਜਵਾਨਾਂ ਨੇ ਵਿਰਾਸਤ-ਏ-ਖਾਲਸਾ ਵਿਖੇ ਮਿਊਜ਼ੀਅਮ ਵਿੱਚ ਜਾ ਕੇ ਗੁਰੂ ਸਾਹਿਬਾਨ ਜੀ ਦੇ ਜੀਵਨ ਤੇ ਵਿਚਾਰਧਾਰਾ, ਪੰਜਾਬ ਦੇ ਸ਼ਾਨਾਮੱਤੇ ਸੱਭਿਆਚਾਰ ਅਤੇ ਮਹਾਨ ਵਿਰਾਸਤ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਵਿਰਾਸਤ-ਏ-ਖਾਲਸਾ ਵਿਖੇ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਅਨੰਦ ਮਾਣਿਆ।ਇਸ ਦੌਰੇ ਬਾਰੇ ਨੌਜਵਾਨਾਂ ਨਾਲ ਇੰਗਲੈਡ ਤੋਂ ਆਏ ਪ੍ਰੋਗਰਾਮ ਦੇ ਕੋਆਰਡੀਨੇਟਰ ਸ. ਵਰਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਜਿਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਜਾ ਵੱਡੇ-ਵਡੇਰੇ ਵਿਦੇਸ਼ਾਂ ਵਿੱਚ ਵਸਦੇ ਹਨ, ਲਈ ਆਪਣੀਆਂ ਜੜ੍ਹਾਂ ਨਾਲ ਜੁੜੋ ਪ੍ਰੋਗਰਾਮ ਆਰੰਭ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਪੰਜਾਬੀ ਮੂਲ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਦਾ ਪਹਿਲਾ ਗਰੁੱਪ 10 ਦਿਨਾਂ ਪੰਜਾਬ ਦੌਰੇ ‘ਤੇ ਆਇਆ ਹੈ। ਉਨ੍ਹਾਂ ਦੱਸਿਆ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਪੰਜਾਬੀ ਮੂਲ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਆਪਣੇ ਵਿਰਸੇ ਨੂੰ ਜਾਣਨ ਲਈ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਉਣ ਦਾ ਮੌਕਾ ਦੇਣਾ ਹੈ।ਇਸ ਮੌਕੇ ਐਨ.ਆਰ.ਆਈ. ਨੌਜਵਾਨਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ।ਇਸ ਮੌਕੇ ਐਨ.ਆਰ.ਆਈ. ਮਾਮਲਿਆਂ ਦੇ ਪ੍ਰਮੁੱਖ ਸਕੱਤਰ ਐਸ.ਆਰ. ਲੱਧੜ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਤਬਰ, 2017 ਵਿੱਚ ਲੰਡਨ ਤੋਂ ਇਸ ਪ੍ਰੋਗਰਾਮ ਦਾ ਆਰੰਭ ਕੀਤਾ ਸੀ ਜਿੱਥੇ ਉਨ੍ਹਾਂ ਨੇ ਵਿਦੇਸ਼ਾਂ ‘ਚ ਵਸਦੇ ਨੌਜਵਾਨਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਸੀ।ਸ੍ਰੀ ਅਨੰਦਪੁਰ ਸਾਹਿਬ ਦੌਰੇ ਬਾਰੇ ਗੱਲ ਕਰਦਿਆ ਜਸਵਿੰਦਰ ਕੌਰ ਖਹਿਰਾ ਨੇ ਕਿਹਾ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਬਹੁਤ ਸਕੂਨ ਹਾਸਲ ਹੋਇਆ ਹੈ।ਇਸੇ ਤਰ੍ਹਾਂ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਇਤਿਹਾਸਕ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਜੋ ਕਿ ਇੱਕ ਚੰਗਾ ਉਪਰਾਲਾ ਹੈ। ਪ੍ਰੋਗਰਾਮ ਦੇ ਕੋਆਰਡੀਨੇਟਰ ਵਰਿੰਦਰ ਖੇੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਨ੍ਹਾਂ ਯਤਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਨਿਵੇਕਲਾ ਉਪਰਾਲਾ ਕੀਤਾ ਹੈ।ਇਸ ਮੌਕੇ ਬੀ ਐਸ ਚਾਨਾ ਮੈਨੇਜਰ ਵਿਰਾਸਤ-ਏ-ਖਾਲਸਾ, ਸੈਰ ਸਪਾਟਾ ਵਿਭਾਗ ਦੇ ਜ਼ਿਲ੍ਹਾ ਟੂਰਿਸਟ ਅਫ਼ਸਰ ਅੰਮ੍ਰਿਤਸਰ ਸਾਹਿਬ, ਸ਼੍ਰੀ ਗੁਰਸ਼ਰਨ ਸਿੰਘ, ਟੂਰਿਜ਼ਮ ਅਫਸਰ ਬਠਿੰਡਾ ਗੁਰਜੋਤ ਸਿੰਘ ਅਤੇ ਟੂਰਿਜ਼ਮ ਅਫਸਰ ਕਨਵਰਦੀਪ ਸਿੰਘ ਅਤੇ ਭੁਪਿੰਦਰ ਸਿੰਘ ਹਾਜ਼ਰ ਸਨ।

VIA PUNJAB