ਸ਼੍ਰੋਮਣੀ ਕਮੇਟੀ ਵੱਲੋਂ ‘ਦਾਦੀ ਦੇ ਸੁਨੇਹੇ’ ’ਚ ਦਾਦੀਆਂ ਤੇ ਬੱਚਿਆਂ ਨੂੰ ਕੀਤਾ ਸਨਮਾਨਿਤ

ਜਗਰਾਉਂ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੁਖਮਨੀ ਸੁਸਾਇਟੀਆਂ ਵੱਲੋਂ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸਿੰਘ ਸਭਾ ਵਿਖੇ ‘ਦਾਦੀ ਦਾ ਸੁਨੇਹਾ’ ਆਯੋਜਿਤ ਕੀਤਾ ਗਿਆ, ਜਿਸ ’ਚ ਮਾਤਾ ਗੁਜਰ ਕੌਰ ਦੀ ਮਹਾਨ ਕੁਰਬਾਨੀ ਅਤੇ ਸਾਹਿਬਜ਼ਾਦਿਆਂ ਦੀ ਅਡੋਲਤਾ, ਦ੍ਰਿੜਤਾ ਅਤੇ ਧਰਮ ਪ੍ਰਤੀ ਨਿਸ਼ਚਾ ਇਸ ਵਿਸ਼ੇ ਨੂੰ ਬੁਲਾਰਿਆਂ ਅਤੇ ਪ੍ਰਚਾਰਕਾਂ ਵੱਲੋਂ ਵਿਚਾਰਿਆ ਗਿਆ ਅਤੇ 75 ਦੇ ਕਰੀਬ ਦਾਦੀਆਂ ਅਤੇ ਉਨ੍ਹਾਂ ਦੇ ਨਾਲ ਆਏ ਬੱਚਿਆਂ ਨੂੰ ਇਤਿਹਾਸਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੰਗਤਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਅੱਜ ਲੋੜ ਹੈ ਕਿ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਵੱਡਿਆਂ ਦੇ ਗੋਡੇ ਮੁੱਢ ਬੈਠ ਕੇ ਸਿੱਖ ਇਤਿਹਾਸ ਨੂੰ ਜਾਣਨ ਦੀ ਅਤੇ ਵਿਚਾਰਨ ਦੀ, ਇਸ ਸਬੰਧ ਨੂੰ ਲੈ ਕੇ ਜਿੰਨ੍ਹਾਂ ਪਰਿਵਾਰਾਂ ਅੰਦਰ ਬੱਚੇ ਆਪਣੇ ਬਜ਼ੁਰਗਾਂ ਦੇ ਨਾਲ ਗੁਰਦੁਆਰਾ ਸਾਹਿਬ ਆ ਕੇ ਬਾਣੀ ਸਰਵਣ ਕਰਦੇ ਹਨ ਅਤੇ ਇਤਿਹਾਸ ਤੋਂ ਜਾਣੂ ਹੁੰਦੇ ਹਨ, ਉਨ੍ਹਾਂ ਦੇ ਇਸ ਉਪਰਾਲੇ ਨੂੰ ਸਨਮਾਨਣਾ ਅਤੇ ਬੱਚਿਆਂ ਨੂੰ ਇਤਿਹਾਸਿਕ ਪੁਸਤਕਾਂ ਦੇ ਕੇ ਉਤਸ਼ਾਹਿਤ ਕਰਨ ਨੂੰ ਪ੍ਰਬੰਧਕਾਂ ਨੇ ਆਪਣਾ ਫ਼ਰਜ਼ ਸਮਝਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜੀਤ ਸਿੰਘ ਨੇ ਸਮੇਂ ਦੇ ਅਨੂਕੁਲ ਗੁਰਬਾਣੀ ਗਾਇਨ ਕੀਤਾ ਅਤੇ ਸੰਗਤ ਨੇ ਨਾਲ ਸਹਿਯੋਗ ਦਿੱਤਾ ਤਾਂ ਉਹ ਸਮਾਂ ਆਪਣੇ-ਆਪ ਦੇ ਵਿਚ ਅਲੌਕਿਕ ਹੋ ਨਿਬੜਿਆ, ਇਹ ਸਮਾਂ ਬੜਾ ਭਾਵੂਕ ਅਤੇ ਚੜ੍ਹਦੀ ਕਲਾਂ ਵਾਲਾ ਬਣਿਆ ਹੋਇਆ ਸੀ। ਇਸ ਸਮੇਂ ਦਾਦੀਆਂ ਜਿਹੜੀਆਂ ਉਮਰ ਦੇ ਨਾਲ ਬਜ਼ੂਰਗ ਵੀ ਸਨ ਅਤੇ ਨਾਲ ਸਹਾਰਾ ਲੈ ਕੇ ਤੁਰਨ ਵਾਲੀਆਂ ਸਨ, ਉਨ੍ਹਾਂ ਨੂੰ ਉਸ ਸਮੇਂ ਵੱਡੀ ਖੁਸ਼ੀ ਦਾ ਪ੍ਰਗਟਾਵਾ ਹੋਇਆ ਕਿ ਉਨ੍ਹਾਂ ਨੂੰ ਸਨਮਾਨਿਤ ਇਸ ਕਰਕੇ ਕੀਤਾ ਗਿਆ ਕਿ ਉਨ੍ਹਾਂ ਨੇ ਆਪਣੇ ਲਾਡਲਿਆਂ ਨੂੰ ਨਾਲ ਲਿਆ ਕੇ ਦਾਦੀ ਦੇ ਸੁਨੇਹੇ ਪ੍ਰੋਗਰਾਮ ’ਚ ਸ਼ਮੂਲੀਅਤ ਕੀਤੀ ਹੈ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਜਗਰਾਉਂ ਦੀਆਂ ਸਮੁੱਚੀਆਂ ਧਾਰਮਿਕ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਸ ਸਮਾਗਮ ’ਚ ਸ਼ਿਰਕਤ ਕੀਤੀ ਅਤੇ ਜਿੱਥੇ ਉਨ੍ਹਾਂ ਨੇ ਸ਼ਲਾਘਾ ਕੀਤਾ, ਉਥੇ ਅਗਾਂਹ ਤੋਂ ਇਸ ਪ੍ਰੋਗਰਾਮ ਨੂੰ ਵੱਡੇ ਪੱਧਰ ’ਤੇ ਆਯੋਜਿਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਅਜੀਤ ਸਿੰਘ ਠੁਕਰਾਲ, ਹਰਮੀਤ ਸਿੰਘ ਬਜਾਜ, ਨਰਿੰਦਰ ਸਿੰਘ ਨਿੰਦੀ, ਸੁਖਵਿੰਦਰ ਸਿੰਘ ਭਸੀਣ, ਬੀਬੀ ਰਾਜਿੰਦਰ ਕੌਰ, ਹਾਕਮ ਸਿੰਘ ਸੀਹਰਾ, ਅਵਤਾਰ ਸਿੰਘ ਮਿਗਲਾਨੀ, ਗੁਰਦੀਪ ਸਿੰਘ ਦੂਆ, ਦੀਪਇੰਦਰ ਸਿੰਘ ਭੰਡਾਰੀ, ਹਰਜੀਤ ਸਿੰਘ ਸੋਨੂੰ, ਰਿੰਕੀ ਚਾਵਲਾ, ਗੁਰਵਿੰਦਰ ਸਿੰਘ ਸੋਨੂੰ, ਜਤਿੰਦਰ ਸਿੰਘ ਚੱਢਾ, ਗੁਰਪ੍ਰੀਤ ਸਿੰਘ, ਸਤਵਿੰਦਰਪਾਲ ਸਿੰਘ, ਅਮਰਜੀਤ ਸਿੰਘ, ਦਿਲਮੋਹਣ ਸਿੰਘ, ਉਪਿੰਦਰ ਸਿੰਘ ਤੇ ਪ੍ਰਤਾਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

VIA PUNJAB