Skip to content
ਵਾਇਆ ਪੰਜਾਬ ਬਿਊਰੋ
ਡੇਰਾ ਬਾਬਾ ਨਾਨਕ, 13 ਅਗਸਤ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੀ ਗੁਰਮਤਿ ਪ੍ਰਚਾਰ ਲਹਿਰ ਦੇ ਤਹਿਤ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸੰਘਾ ਦੀ ਪ੍ਰੇਰਨਾ ਸਦਕਾ ਮਾਝਾ ਜ਼ੋਨ ਦੇ ਹਲਕਾ ਡੇਰਾ ਬਾਬਾ ਨਾਨਕ ‘ਚ ਗੁ: ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਵਿਖੇ ਮਿਤੀ 19 ਅਗਸਤ, ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋਣਗੇ।
ਇਹ ਜਾਣਕਾਰੀ ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਸਰਗਰਮ ਸਿੱਖ ਨੌਜਵਾਨ ਆਗੂ ਭਾਈ ਸੁਖਵਿੰਦਰ ਸਿੰਘ ਅਗਵਾਨ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਅੰਮ੍ਰਿਤ ਸੰਚਾਰ ਸੰਬੰਧੀ ਹੋਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ 19 ਅਗਸਤ, ਦਿਨ ਐਤਵਾਰ ਨੂੰ ਹੋਣ ਵਾਲੇ ਅੰਮ੍ਰਿਤ ਸੰਚਾਰ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਪਹੁੰਚ ਕੇ ਅੰਮ੍ਰਿਤ ਸੰਚਾਰ ਕਰਨਗੇ ਅਤੇ ਕਕਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਸਮੁੱਚੇ ਹਲਕੇ ਵਿੱਚ ਪਿੰਡ-ਪਿੰਡ ਵਿੱਚ ਪਹੁੰਚ ਕਰਕੇ ਪ੍ਰਚਾਰ ਵਹੀਰ ਦੇ ਜਥੇ ਵੱਲੋਂ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਅੰਮ੍ਰਿਤ ਛਕਣ ਲਈ ਪਿੰਡਾਂ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਸੰਗਤਾਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਧ ਚੜ੍ਹ ਕੇ ਸੰਗਤਾਂ ਨੂੰ ਇਸ ਅੰਮ੍ਰਿਤ ਸੰਚਾਰ ਵਿੱਚ ਪਹੁੰਚ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ।
ਇਸ ਮੀਟਿੰਗ ਵਿਚ ਬੀਬੀ ਮਹਿੰਦਰ ਕੌਰ ਪ੍ਰਧਾਨ ਸੁਖਮਨੀ ਸੁਸਾਇਟੀ, ਮਾ:ਚਰਨਜੀਤ ਸਿੰਘ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਡੇਰਾ ਬਾਬਾ ਨਾਨਕ, ਪ੍ਰਚਾਰਕ ਭਾਈ ਜਗਦੀਪ ਸਿੰਘ ਕਲਾਨੌਰ , ਪ੍ਰਚਾਰਕ ਭਾਈ ਹਿੰਮਤਬੀਰ ਸਿੰਘ ਵੀਲ੍ਹਾ, ਗੁਰਦੇਵ ਸਿੰਘ ਸੱਭਰਵਾਲ, ਭੁਪਿੰਦਰ ਸਿੰਘ ਤਰਪੱਲਾ, ਸਤਨਾਮ ਸਿੰਘ ਖਜ਼ਾਨਚੀ, ਨਿਰਮਲ ਸਿੰਘ ਰਿਕਾਰਡ ਕੀਪਰ, ਅਮਰਜੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਧਰਮਕੋਟ, ਗੁਰਦਰਸ਼ਨ ਸਿੰਘ ਮੰਡ ਅਤੇ ਮਗਵਿੰਦਰ ਸਿੰਘ ਮੰਗੀਆਂ ਨੇ ਵੀ ਹਾਜ਼ਰੀ ਭਰੀ।